ਨੈਸ਼ਨਲ ਹਾਈਵੇ ਅਥਾਰਟੀ ਨੇ ਬਦਲੀ ਚਹੇੜੂ ਮੇਨ ਰੋਡ ਦੀ ਨੁਹਾਰ ਨੈਸ਼ਨਲ ਹਾਈਵੇ ਅਥਾਰਟੀ ਨੇ ਬਦਲੀ ਚਹੇੜੂ ਮੇਨ ਰੋਡ ਦੀ ਨੁਹਾਰ
Publish Date: Thu, 13 Aug 2026 07:37 PM (IST)
Updated Date: Thu, 13 Aug 2026 07:38 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਜਲੰਧਰ-ਫਗਵਾੜਾ ਮਾਰਗ ਸਥਿਤ ਚਹੇੜੂ ਮੁੱਖ ਰੋਡ ’ਤੇ ਲੰਬੇ ਸਮੇਂ ਤੋਂ ਵੱਡੇ-ਵੱਡੇ ਟੋਇਆਂ ਤੇ ਖੱਡਿਆਂ ਕਾਰਨ ਪਰੇਸ਼ਾਨ ਹੋ ਰਹੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ ਹੈ। ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸੜਕ ਦੀ ਹਾਲਤ ਸੁਧਾਰਨ ਲਈ ਮੁਰੰਮਤ ਦਾ ਕੰਮ ਕਰਵਾਉਂਦਿਆਂ ਇਸ ਮੁੱਖ ਮਾਰਗ ਦੀ ਨੁਹਾਰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਿਛਲੇ ਲੰਬੇ ਸਮੇਂ ਤੋਂ ਜਲੰਧਰ-ਫਗਵਾੜਾ ਮੇਨ ਰੋਡ ਦੇ ਕਈ ਹਿੱਸਿਆਂ ਵਿੱਚ ਸੜਕ ਦੀ ਹਾਲਤ ਬੇਹੱਦ ਖਸਤਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਲਈ ਟੋਏ ਤੇ ਖੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਸਨ। ਕਈ ਵਾਰ ਵਾਹਨ ਚਾਲਕ ਸੜਕ ’ਤੇ ਬਣੇ ਟੋਇਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਆਪਣਾ ਸੰਤੁਲਨ ਗੁਆ ਬੈਠਦੇ ਸਨ। ਰਾਹਗੀਰਾਂ ਦਾ ਕਹਿਣਾ ਹੈ ਕਿ ਇਸ ਰਸਤੇ ’ਤੇ ਦਿਨ-ਰਾਤ ਵੱਡੀ ਗਿਣਤੀ ਵਿੱਚ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਅਜਿਹੇ ਵਿੱਚ ਸੜਕ ਦੀ ਖਸਤਾ ਹਾਲਤ ਕਾਰਨ ਹਰ ਸਮੇਂ ਹਾਦਸੇ ਦਾ ਖਦਸ਼ਾ ਬਣਿਆ ਰਹਿੰਦਾ ਸੀ। ਮੀਂਹ ਪੈਣ ਤੋਂ ਬਾਅਦ ਸੜਕ ’ਤੇ ਬਣੇ ਟੋਇਆਂ ਵਿੱਚ ਪਾਣੀ ਭਰ ਜਾਣ ਕਾਰਨ ਇਹ ਖੱਡੇ ਹੋਰ ਵੀ ਖ਼ਤਰਨਾਕ ਬਣ ਜਾਂਦੇ ਸਨ। ਹੁਣ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸੜਕ ਦੀ ਮੁਰੰਮਤ ਕਰਵਾਏ ਜਾਣ ਨਾਲ ਰਾਹਗੀਰਾਂ ਨੇ ਰਾਹਤ ਮਹਿਸੂਸ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਸਮੱਸਿਆ ਬਾਬਤ ਪੰਜਾਬੀ ਜਾਗਰਣ ਵੱਲੋਂ ਲਗਾਤਾਰ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਰਹੀਆਂ ਹਨ।