ਨਸੀਰਪੁਰ ਦੀ ਸਰਕਾਰੀ ਡਿਸਪੈਂਸਰੀ ਨੂੰ ਲੱਗਾ ਤਾਲਾ, 9 ਪਿੰਡਾਂ ਦੇ ਲੋਕ ਸਿਹਤ ਸੇਵਾਵਾਂ ਤੋਂ ਵਾਂਝੇ ਨਸੀਰਪੁਰ ਦੀ ਸਰਕਾਰੀ ਡਿਸਪੈਂਸਰੀ ਨੂੰ ਲੱਗੇ ਤਾਲੇ, 9 ਪਿੰਡਾਂ ਦੇ ਲੋਕ ਸਿਹਤ ਸੇਵਾਵਾਂ ਤੋਂ ਵਾਂਝੇ
Publish Date: Sun, 26 Jul 2026 07:53 PM (IST)
Updated Date: Sun, 26 Jul 2026 07:56 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਪਿੰਡ ਨਸੀਰਪੁਰ ’ਚ ਸਰਕਾਰੀ ਡਿਸਪੈਂਸਰੀ ਪਿਛਲੇ ਲੰਬੇ ਸਮੇਂ ਤੋਂ ਸਟਾਫ ਦੀ ਘਾਟ ਕਾਰਨ ਬੰਦ ਪਈ ਹੋਣ ਨਾਲ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਡਿਸਪੈਂਸਰੀ ਦੇ ਬਾਹਰ ਇਕੱਠੇ ਹੋਏ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ, ਸਿਵਲ ਸਰਜਨ ਅਤੇ ਐੱਸਐੱਮਓ ਟਿੱਬਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਦੀਆਂ ਸਿਹਤ ਸੇਵਾਵਾਂ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਈਆਂ ਹਨ, ਜਦਕਿ ਪਿੰਡਾਂ ਦੇ ਲੋਕ ਇਲਾਜ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਸਰਪੰਚ ਬਲਜਿੰਦਰ ਕੌਰ ਅਤੇ ਸਾਬਕਾ ਸਰਪੰਚ ਹਰਦੇਵ ਸਿੰਘ ਗੋਲਡੀ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਡਿਸਪੈਂਸਰੀ ਵਿੱਚ ਤਾਇਨਾਤ ਡਾਕਟਰਾਂ ਨੂੰ ਵਾਪਸ ਬੁਲਾ ਲਿਆ ਗਿਆ ਸੀ, ਪਰ ਉਸ ਤੋਂ ਬਾਅਦ ਅੱਜ ਤੱਕ ਇੱਥੇ ਕਿਸੇ ਵੀ ਡਾਕਟਰ ਜਾਂ ਹੋਰ ਸਟਾਫ ਦੀ ਨਿਯੁਕਤੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਬਣੀ ਇਹ ਡਿਸਪੈਂਸਰੀ ਹੁਣ ਸਟਾਫ ਦੀ ਘਾਟ ਕਾਰਨ ਤਾਲਾ ਬੰਦ ਪਈ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਖੋਲ੍ਹਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਪਹਿਲਾਂ ਤੋਂ ਬਣੀਆਂ ਸਰਕਾਰੀ ਡਿਸਪੈਂਸਰੀਆਂ ਬਿਨਾਂ ਸਟਾਫ ਦੇ ਬੰਦ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਮੌਜੂਦਾ ਸਿਹਤ ਸੰਸਥਾਵਾਂ ਨੂੰ ਚਾਲੂ ਕਰਨਾ ਸਰਕਾਰ ਦੀ ਪਹਿਲ ਹੋਣੀ ਚਾਹੀਦੀ ਹੈ। ਸਰਪੰਚ ਬਲਜਿੰਦਰ ਕੌਰ ਅਤੇ ਸਾਬਕਾ ਸਰਪੰਚ ਹਰਦੇਵ ਸਿੰਘ ਗੋਲਡੀ ਨੇ ਦੱਸਿਆ ਕਿ ਨਸੀਰਪੁਰ ਦੀ ਇਸ ਡਿਸਪੈਂਸਰੀ ਨਾਲ ਨਸੀਰਪੁਰ, ਬੂਲਪੁਰ, ਬੂਲਪੁਰ ਬਸਤੀ, ਸਰਦਾਰ ਪੱਤੀ ਨਬੀਬਖ਼ਸ਼, ਕਾਲਰੂ, ਭਰੋਵਾਲ, ਜਾਂਗਲਾ, ਸ਼ਿਕਾਰਪੁਰ ਅਤੇ ਰੰਗੀਲਪੁਰ ਸਮੇਤ ਕਰੀਬ 9 ਪਿੰਡਾਂ ਦੇ ਲੋਕ ਜੁੜੇ ਹੋਏ ਹਨ। ਡਿਸਪੈਂਸਰੀ ਬੰਦ ਹੋਣ ਕਾਰਨ ਹਜ਼ਾਰਾਂ ਲੋਕਾਂ ਨੂੰ ਛੋਟੇ-ਮੋਟੇ ਇਲਾਜ ਲਈ ਵੀ ਦੂਰ ਜਾਣਾ ਪੈਂਦਾ ਹੈ, ਜਿਸ ਨਾਲ ਸਮੇਂ ਅਤੇ ਪੈਸੇ ਦੋਵਾਂ ਦਾ ਨੁਕਸਾਨ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਉਹ ਕਈ ਵਾਰ ਐੱਸਐੱਮਓ ਟਿੱਬਾ ਨੂੰ ਮਿਲ ਕੇ ਸਟਾਫ ਦੀ ਤਾਇਨਾਤੀ ਦੀ ਮੰਗ ਕਰ ਚੁੱਕੇ ਹਨ, ਪਰ ਹਰ ਵਾਰ ਸਿਰਫ਼ ਭਰੋਸੇ ਹੀ ਮਿਲੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਦੀ ਹਾਲਤ ਵੇਖੀ ਜਾਵੇ ਤਾਂ ਉੱਥੇ ਵੀ ਡਾਕਟਰਾਂ ਅਤੇ ਹੋਰ ਸਟਾਫ ਦੀ ਘਾਟ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ ਸਰਕਾਰੀ ਹਸਪਤਾਲਾਂ ਤੋਂ ਨਿਰਾਸ਼ ਹੋ ਕੇ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਦਾ ਰੁੱਖ ਕਰਨ ਲਈ ਮਜਬੂਰ ਹਨ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਸੀਰਪੁਰ ਡਿਸਪੈਂਸਰੀ ਵਿੱਚ ਤੁਰੰਤ ਡਾਕਟਰ ਅਤੇ ਲੋੜੀਂਦਾ ਸਟਾਫ ਤਾਇਨਾਤ ਕਰਕੇ ਸਿਹਤ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਜਾਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਉਹਨਾਂ ਨੇ ਕਿਹਾ ਜੇਕਰ ਇਸ ਤਰ੍ਹਾਂ ਨਾ ਹੋਇਆ ਤਾਂ ਸਾਡੇ ਵੱਲੋਂ ਐੱਸਐੱਮਓ ਟਿੱਬਾ ਦਾ ਘਿਰਾਓ ਕੀਤਾ ਜਾਵੇਗਾ ਤੇ ਉਹਨਾਂ ਦੇ ਖਿਲਾਫ ਵੱਡਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਲੋਕਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਹੋਵੇਗੀ। ਇਸ ਮੌਕੇ ਸਰਪੰਚ ਬਲਜਿੰਦਰ ਕੌਰ, ਪੰਚਾਇਤ ਮੈਂਬਰ ਜਗਬੀਰ ਕੌਰ, ਪੰਚਾਇਤ ਮੈਂਬਰ ਸੁਖਵਿੰਦਰ ਸਿੰਘ, ਪੰਚਾਇਤ ਮੈਂਬਰ ਲਵਜਿੰਦਰ ਸਿੰਘ, ਪੰਚਾਇਤ ਮੈਂਬਰ ਰੁਪਿੰਦਰ ਕੌਰ, ਪੰਚਾਇਤ ਮੈਂਬਰ ਅਮਰਨਾਥ, ਸਾਬਕਾ ਸਰਪੰਚ ਹਰਦੇਵ ਸਿੰਘ, ਗੁਰਵਿੰਦਰ ਸਿੰਘ, ਸ਼ਿਵਦੇਵ ਸਿੰਘ, ਪਰਮਜੀਤ ਸਿੰਘ, ਰਾਗੀ ਸਤਿੰਦਰ ਪਾਲ ਸਿੰਘ, ਰਣਜੋਤ ਸਿੰਘ, ਇੰਦਰਜੀਤ ਕੌਰ, ਨਰਿੰਦਰਜੀਤ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਸਰਬਜੀਤ ਸਿੰਘ, ਸੁਰਜੀਤ ਸਿੰਘ, ਅਮਰਜੀਤ ਕੌਰ, ਪ੍ਰਭਜੋਤ ਕੌਰ, ਮਨਦੀਪ ਕੌਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਕੀ ਕਹਿੰਦੇ ਐੱਸਐੱਮਓ ਇਸ ਸਬੰਧੀ ਜਦੋਂ ਸੀਐੱਚਸੀ ਟਿੱਬਾ ਦੇ ਐੱਸਐੱਮਓ ਡਾ. ਐੱਸਐੱਸ ਸੇਠੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵੇਲੇ ਡਾਕਟਰਾਂ ਦੀ ਘਾਟ ਹੈ, ਜਿਸ ਕਾਰਨ ਇਹ ਸਮੱਸਿਆ ਪੇਸ਼ ਆ ਰਹੀ ਹੈ। ਇਸ ਸਬੰਧੀ ਸਿਹਤ ਵਿਭਾਗ ਨੂੰ ਡਾਕਟਰਾਂ ਦੀ ਨਿਯੁਕਤੀ ਲਈ ਲਿਖਤੀ ਰੂਪ ’ਚ ਭੇਜਿਆ ਜਾ ਚੁੱਕਾ ਹੈ।