ਦੁਨੀਆ ਦੇ ਹਰ ਇਨਸਾਨ ਤੱਕ ਖੁਸ਼ੀ ਪਹੁੰਚਾਉਣਾ ਮੇਰਾ ਟੀਚਾ : ਮਾਸਟਰ ਜੀ ਮਿਸ਼ਨ 800 ਕਰੋੜ ਰਾਹੀਂ ਦੁਨੀਆ ਦੇ ਹਰ ਇਨਸਾਨ ਤੱਕ ਖੁਸ਼ੀ ਪਹੁੰਚਾਉਣਾ ਮੇਰਾ ਟੀਚਾ : ਮਾਸਟਰ ਜੀ
Publish Date: Mon, 21 Sep 2026 10:00 PM (IST)
Updated Date: Mon, 21 Sep 2026 10:02 PM (IST)
--‘ਹੈਪੀਨੈੱਸ ਗਾਰੰਟੀਡ’ ਦੇ ਸੰਦੇਸ਼ ਨਾਲ ਨਸ਼ਿਆਂ ਤੋਂ ਦੂਰ ਰਹਿਣ ਲਈ ਨੌਜਵਾਨਾਂ ਨੂੰ ਕੀਤਾ ਪ੍ਰੇਰਿਤ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦੁਨੀਆ ਦੇ ਹਰ ਇਨਸਾਨ ਦੇ ਜੀਵਨ ਵਿੱਚ ਸੱਚੀ ਖੁਸ਼ੀ, ਸਕਾਰਾਤਮਕਤਾ ਤੇ ਅਧਿਆਤਮਕ ਚੇਤਨਾ ਦਾ ਸੰਚਾਰ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ‘ਮਿਸ਼ਨ 800 ਕਰੋੜ’ ਤਹਿਤ ਮਾਸਟਰ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਗੱਲਬਾਤ ਕਰਦਿਆਂ ਆਪਣੇ ਅਧਿਆਤਮਕ ਵਿਚਾਰਾਂ, ਜੀਵਨ ਦੇ ਤਜਰਬਿਆਂ ਤੇ ਮਿਸ਼ਨ ਦੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦਾ ਅਸਲ ਮਕਸਦ ਕੇਵਲ ਦੁਨਿਆਵੀ ਪ੍ਰਾਪਤੀਆਂ ਹਾਸਲ ਕਰਨਾ ਨਹੀਂ, ਸਗੋਂ ਆਪਣੇ ਅੰਦਰਲੀ ਖੁਸ਼ੀ ਨੂੰ ਪਛਾਣਨਾ, ਗੁਰੂ ਸਾਹਿਬ ਦੀ ਵਾਣੀ ਨੂੰ ਸਮਝਣਾ ਤੇ ਉਸ ਨੂੰ ਜੀਵਨ ਵਿੱਚ ਅਪਣਾਉਣਾ ਹੈ। ਉਨ੍ਹਾਂ ਦੱਸਿਆ ਕਿ ਸਾਲ 2007 ਵਿੱਚ ਉਨ੍ਹਾਂ ਨੂੰ ਆਤਮਬੋਧ ਦਾ ਅਨੁਭਵ ਹੋਇਆ, ਜਿਸ ਤੋਂ ਬਾਅਦ ਪਿਛਲੇ 18 ਸਾਲਾਂ ਤੋਂ ਉਹ ਆਪਣੇ ਅਧਿਆਤਮਕ ਤਜਰਬਿਆਂ ਤੇ ਗਿਆਨ ਨੂੰ ਲੱਖਾਂ ਲੋਕਾਂ ਨਾਲ ਨਿੱਜੀ ਤੌਰ ’ਤੇ ਮੁਫ਼ਤ ਸਾਂਝਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ 10 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੀ ਬਜ਼ੁਰਗ ਮਾਤਾ ਤੱਕ ਚਾਰ ਪੀੜ੍ਹੀਆਂ ਦੇ ਲੋਕਾਂ ਨੂੰ ਇਕੱਠਿਆਂ ਖੁਸ਼ੀ ਨਾਲ ਝੂਮਦਿਆਂ ਦੇਖਣਾ ਉਨ੍ਹਾਂ ਲਈ ਬੇਹੱਦ ਪ੍ਰੇਰਨਾਦਾਇਕ ਅਨੁਭਵ ਰਿਹਾ। ਉਨ੍ਹਾਂ ਦੱਸਿਆ ਕਿ ਇਸੇ ਅਨੁਭਵ ਤੋਂ ਪ੍ਰੇਰਿਤ ਹੋ ਕੇ ਦਸੰਬਰ 2023 ਵਿੱਚ ਉਨ੍ਹਾਂ ਨੇ ਆਪਣੇ ਗਿਆਨ ਨੂੰ ਦੁਨੀਆ ਭਰ ਦੇ ਲੋਕਾਂ ਤੱਕ ਪਹੁੰਚਾਉਣ ਦਾ ਫ਼ੈਸਲਾ ਕੀਤਾ ਤੇ ਮਾਸਟਰ ਜੀ ਦੇ ਨਾਂ ਹੇਠ ਜਨਤਕ ਮੰਚਾਂ ਤੇ ਸੋਸ਼ਲ ਮੀਡੀਆ ਰਾਹੀਂ ਆਪਣੀ ਯਾਤਰਾ ਸ਼ੁਰੂ ਕੀਤੀ। ਇਸੇ ਤਰ੍ਹਾਂ ‘ਮਿਸ਼ਨ 800 ਕਰੋੜ’ ਦੀ ਨੀਂਹ ਰੱਖੀ ਗਈ, ਜਿਸ ਦਾ ਮੁੱਖ ਉਦੇਸ਼ ਦੁਨੀਆ ਦੇ ਆਖਰੀ ਵਿਅਕਤੀ ਤੱਕ ਖੁਸ਼ੀ ਦਾ ਸੰਦੇਸ਼ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਦਾ ਨਾਅਰਾ ‘ਹੈਪੀਨੈੱਸ ਗਾਰੰਟੀਡ’ ਹੈ ਤੇ ਹੁਣ ਤੱਕ ਉਹ ਆਪਣੀ ਕਮਿਊਨਿਟੀ ਟੀਮ ਨਾਲ ਮਿਲ ਕੇ 900 ਤੋਂ ਵੱਧ ਪ੍ਰੋਗਰਾਮ ਕਰ ਚੁੱਕੇ ਹਨ। ਉਨ੍ਹਾਂ ਸੁਲਤਾਨਪੁਰ ਲੋਧੀ ਨਾਲ ਆਪਣੇ ਵਿਸ਼ੇਸ਼ ਲਗਾਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਹਿਲੀ ਵਾਰ ਇਸ ਪਵਿੱਤਰ ਨਗਰੀ ਵਿੱਚ ਆਏ ਸਨ। ਉਸ ਸਮੇਂ ਤੋਂ ਇਸ ਗੁਰੂ ਦੀ ਨਗਰੀ ਤੇ ਇੱਥੋਂ ਦੇ ਲੋਕਾਂ ਨਾਲ ਉਨ੍ਹਾਂ ਦਾ ਅਜਿਹਾ ਗੂੜ੍ਹਾ ਪਿਆਰ ਤੇ ਲਗਾਅ ਬਣ ਗਿਆ ਕਿ ਹੁਣ ਸਾਲ ਵਿੱਚ ਦੋ-ਤਿੰਨ ਵਾਰ ਸੁਲਤਾਨਪੁਰ ਲੋਧੀ ਆਉਣਾ ਉਨ੍ਹਾਂ ਦੀ ਰੂਹਾਨੀ ਯਾਤਰਾ ਦਾ ਹਿੱਸਾ ਬਣ ਗਿਆ ਹੈ। ਇਸ ਪਵਿੱਤਰ ਧਰਤੀ ’ਤੇ ਆ ਕੇ ਉਨ੍ਹਾਂ ਨੂੰ ਅੰਦਰੋਂ ਇੱਕ ਵਿਸ਼ੇਸ਼ ਰੂਹਾਨੀ ਅਨੁਭੂਤੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਉਹ ਦਿੱਲੀ, ਕੋਲਕਾਤਾ ਸਮੇਤ ਵੱਖ-ਵੱਖ ਸ਼ਹਿਰਾਂ ਦੇ ਪੁਲਿਸ ਮੁੱਖ ਦਫ਼ਤਰਾਂ, ਭਾਰਤੀ ਫ਼ੌਜ, ਵੱਖ-ਵੱਖ ਬਾਰ ਐਸੋਸੀਏਸ਼ਨਾਂ, ਯੂਨੀਵਰਸਿਟੀਆਂ, ਗਲੋਬਲ ਅਧਿਆਤਮਕ ਮਹਾਂਉਤਸਵ ਤੇ ਅੰਤਰਰਾਸ਼ਟਰੀ ਗੀਤਾ ਮਹਾਂਉਤਸਵ ਵਰਗੇ ਮੰਚਾਂ ’ਤੇ ਵੀ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਇੱਕ ਵਰਗ ਤੱਕ ਸੀਮਤ ਰਹਿਣ ਦੀ ਬਜਾਏ ਹਰ ਉਮਰ, ਹਰ ਵਰਗ ਤੇ ਹਰ ਪਿਛੋਕੜ ਦੇ ਵਿਅਕਤੀ ਤੱਕ ਖੁਸ਼ੀ ਤੇ ਅਧਿਆਤਮਕ ਗਿਆਨ ਪਹੁੰਚਾਉਣਾ ਹੈ। ਇਸ ਮੌਕੇ ਹਲਕਾ ਭਾਜਪਾ ਇੰਚਾਰਜ ਰਕੇਸ਼ ਨੀਟੂ, ਸਟੇਟ ਅਵਾਰਡੀ ਲਖਪਤ ਰਾਏ, ਨੀਤੂ, ਕਰਨਲ ਆਰ. ਬੀ. ਸਿੰਘ, ਪੰਕਜ ਟੱਕਰ, ਰਿੰਕੂ, ਬੰਟੀ, ਅਮਨ, ਰੂਬੀ, ਰੁਚੀ ਅਤੇ ਜਨਕ ਸਮੇਤ ਟੀਮ ਦੇ ਮੈਂਬਰ ਹਾਜ਼ਰ ਸਨ।