ਕਾਂਗਰਸੀ ਵਿਧਾਇਕ ਦੇ ਕਥਿਤ ਬਿਆਨ ’ਤੇ ਮੁਸਲਿਮ ਭਾਈਚਾਰੇ ਦਾ ਵਿਰੋਧ ਕਾਂਗਰਸੀ ਵਿਧਾਇਕ ਦੇ ਕਥਿਤ ਬਿਆਨ ’ਤੇ ਮੁਸਲਿਮ ਭਾਈਚਾਰੇ ਦਾ ਵਿਰੋਧ
Publish Date: Mon, 20 Jul 2026 08:51 PM (IST)
Updated Date: Tue, 21 Jul 2026 04:07 AM (IST)
--ਮੁਆਫ਼ੀ ਨਾ ਮੰਗੀ ਤਾਂ ਕਾਨੂੰਨੀ ਕਾਰਵਾਈ ਦੀ ਚੇਤਾਵਨੀ, ਮੁਸਲਿਮ ਡਿਵੈੱਲਪਮੈਂਟ ਬੋਰਡ ਦੇ ਅਹੁਦੇਦਾਰਾਂ ਨੇ ਕਿਹਾ, ਸਿਆਸੀ ਬਿਆਨਬਾਜ਼ੀ ਦੌਰਾਨ ਕਿਸੇ ਧਰਮ ਵਿਸ਼ੇਸ਼ ਦਾ ਜ਼ਿਕਰ ਕਰਨਾ ਗਲਤ, ਕਿਸੇ ਧਰਮ ’ਤੇ ਟਿੱਪਣੀ ਕਰਨਾ ਠੀਕ ਨਹੀਂ : ਕਰਮਬੀਰ ਚੰਦੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਕਾਂਗਰਸੀ ਵਿਧਾਇਕ ਵੱਲੋਂ ਕੀਤੀ ਗਈ ਇਕ ਪ੍ਰੈੱਸ ਕਾਨਫਰੰਸ ਤੋਂ ਬਾਅਦ ਕਪੂਰਥਲਾ ਦੀ ਸਿਆਸਤ ਵਿੱਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਵਿਧਾਇਕ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰ, ਮੇਅਰ ਚੋਣ ਅਤੇ ਆਮ ਆਦਮੀ ਪਾਰਟੀ ’ਤੇ ਲਗਾਏ ਗਏ ਕਥਿਤ ਦੋਸ਼ਾਂ ਤੋਂ ਬਾਅਦ ਹੁਣ ਮੁਸਲਿਮ ਭਾਈਚਾਰੇ, ਮੁਸਲਿਮ ਡਿਵੈਲਪਮੈਂਟ ਬੋਰਡ ਅਤੇ ਆਮ ਆਦਮੀ ਪਾਰਟੀ ਨੇ ਉਨ੍ਹਾਂ ਦੇ ਇੱਕ ਕਥਿਤ ਬਿਆਨ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਮੁਸਲਿਮ ਡਿਵੈਲਪਮੈਂਟ ਬੋਰਡ ਦੇ ਆਗੂ ਯਾਕੂਬ ਅਲੀ ਨੇ ਅਰੋਪ ਲਗਾਇਆ ਕਿ ਵਿਧਾਇਕ ਨੇ ਕੌਂਸਲਰਾਂ ਦੇ ਦਲ-ਬਦਲ ਸਬੰਧੀ ਗੱਲ ਕਰਦਿਆਂ ਮੁਸਲਿਮ ਭਾਈਚਾਰੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਿਆਸੀ ਬਿਆਨਬਾਜ਼ੀ ਦੌਰਾਨ ਕਿਸੇ ਵੀ ਧਰਮ ਜਾਂ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ ਅਤੇ ਇਸ ਨਾਲ ਭਾਈਚਾਰਕ ਸਾਂਝ ਨੂੰ ਠੇਸ ਪਹੁੰਚ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਹਰ ਧਰਮ ਅਤੇ ਭਾਈਚਾਰੇ ਦਾ ਦੇਸ਼ ਹੈ ਅਤੇ ਸੀਨੀਅਰ ਸਿਆਸੀ ਆਗੂਆਂ ਨੂੰ ਆਪਣੇ ਬਿਆਨਾਂ ਵਿੱਚ ਸੰਜਮ ਵਰਤਣਾ ਚਾਹੀਦਾ ਹੈ। ਯਾਕੂਬ ਅਲੀ ਨੇ ਮੰਗ ਕੀਤੀ ਕਿ ਵਿਧਾਇਕ ਆਪਣੇ ਕਥਿਤ ਬਿਆਨ ’ਤੇ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਅਤੇ ਇਸ ਨੂੰ ਵਾਪਸ ਲੈਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਮੁਸਲਿਮ ਭਾਈਚਾਰਾ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਲੋਕਤੰਤਰੀ ਢੰਗ ਨਾਲ ਰੋਸ ਪ੍ਰਦਰਸ਼ਨ ਵੀ ਕਰੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਚੰਦੀ ਨੇ ਮੁਸਲਿਮ ਭਾਈਚਾਰੇ ਦਾ ਸਮਰਥਨ ਕਰਦਿਆਂ ਕਿਹਾ ਕਿ ਕਿਸੇ ਵੀ ਧਰਮ ਜਾਂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਟਿੱਪਣੀ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਲੋੜ ਪਈ ਤਾਂ ਇਹ ਮਾਮਲਾ ਘੱਟ ਗਿਣਤੀ ਕਮਿਸ਼ਨ ਕੋਲ ਵੀ ਲਿਜਾਇਆ ਜਾਵੇਗਾ। ਇਸ ਮੌਕੇ ਵਿਧਾਇਕ ਵੱਲੋਂ ਲਗਾਏ ਗਏ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਦੇ ਆਰੋਪਾਂ ਦਾ ਜਵਾਬ ਦਿੰਦਿਆਂ ਕਰਮਬੀਰ ਚੰਦੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਦੋਵਾਂ ਧਿਰਾਂ ਖਿਲਾਫ਼ ਕੇਸ ਦਰਜ ਕਰ ਚੁੱਕੀ ਹੈ ਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਨਾਜਾਇਜ਼ ਕਾਰੋਬਾਰ ਦਾ ਨਾ ਸਮਰਥਨ ਕਰਦੀ ਹੈ ਅਤੇ ਨਾ ਹੀ ਕਿਸੇ ਨੂੰ ਸੁਰੱਖਿਆ ਦਿੰਦੀ ਹੈ। ਉਨ੍ਹਾਂ ਅਰੋਪ ਲਗਾਇਆ ਕਿ ਕਾਂਗਰਸ ਦੇ ਕੁਝ ਕਥਿਤ ਕੌਂਸਲਰ ਖੁਦ ਵੀ ਨਾਜਾਇਜ਼ ਕਾਰੋਬਾਰ ਵਿੱਚ ਸ਼ਾਮਲ ਹਨ, ਇਸ ਲਈ ਕਾਂਗਰਸ ਨੂੰ ਪਹਿਲਾਂ ਆਪਣੇ ਘਰ ਵੱਲ ਵੀ ਵੇਖਣਾ ਚਾਹੀਦਾ ਹੈ। ਮੇਅਰ ਚੋਣ ਦੇ ਮਾਮਲੇ ’ਤੇ ਕਰਮਬੀਰ ਚੰਦੀ ਨੇ ਕਿਹਾ ਕਿ ਕਿਸੇ ਵੀ ਕਾਂਗਰਸੀ ਕੌਂਸਲਰ ਨੂੰ ਨਾ ਤਾਂ ਡਰਾਇਆ ਗਿਆ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਦਬਾਅ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਜੋ ਵੀ ਫ਼ੈਸਲਾ ਆਵੇਗਾ, ਆਮ ਆਦਮੀ ਪਾਰਟੀ ਉਸ ਦਾ ਸਤਿਕਾਰ ਕਰੇਗੀ। ਜੇਕਰ ਦੁਬਾਰਾ ਚੋਣਾਂ ਹੁੰਦੀਆਂ ਹਨ ਤਾਂ ਪਾਰਟੀ ਉਸ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਕਰਮਬੀਰ ਚੰਦੀ ਨੇ ਆਰੋਪ ਲਗਾਇਆ ਕਿ ਵਿਧਾਇਕ ਸਿਆਸੀ ਘਬਰਾਹਟ ਵਿੱਚ ਬੇਬੁਨਿਆਦ ਬਿਆਨ ਦੇ ਰਹੇ ਹਨ, ਜਦਕਿ ਪੰਜਾਬ ਸਰਕਾਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰ ਰਹੀ ਹੈ ਅਤੇ ਸਮਾਜਿਕ ਸਾਂਝ ਅਤੇ ਕਾਨੂੰਨ ਦੇ ਰਾਜ ਲਈ ਵਚਨਬੱਧ ਹੈ।