ਝੋਟੇ ਦੇ ਕਤਲ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ : ਅਨਸਾਰੀ ਸਮਾਜਿਕ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦਾ ਕਤਲ ਬੇਹੱਦ ਮੰਦਭਾਗਾ , ਉਚ ਪੱਧਰੀ ਜਾਂਚ ਕਰਵਾਈ ਜਾਵੇ : ਪ੍ਰਧਾਨ ਅਨਸਾਰੀ
Publish Date: Thu, 15 Oct 2026 09:02 PM (IST)
Updated Date: Thu, 15 Oct 2026 09:03 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੈਨਸ਼ਨਰਜ਼ ਅਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ, ਸਰਕਲ ਕਪੂਰਥਲਾ ਦੇ ਸਰਕਲ ਪ੍ਰਧਾਨ ਮੁਹੰਮਦ ਯੂਨਸ਼ ਅਨਸਾਰੀ, ਪਿਆਰਾ ਸਿੰਘ ਚੰਦੀ ਸਰਕਲ ਸਕੱਤਰ, ਸਵਿੰਦਰ ਸਿੰਘ ਬੁਟਾਰੀ ਵਿੱਤ ਸਕੱਤਰ, ਜਗਮੋਹਨ ਸਿੰਘ ਸੀਨੀਅਰ ਮੀਤ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨੇ ਇਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਉਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਨਾਅਰਾ ਦੇ ਕੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਮੁਹਿੰਮ ਛੇੜੀ ਹੋਈ ਹੈ ਪਰ ਮਾਨਸਾ ਸ਼ਹਿਰ ਦੇ ਨੌਜਵਾਨ ਪਰਵਿੰਦਰ ਸਿੰਘ ਝੋਟਾ, ਜੋ ਕਿ ਐਂਟੀ ਡਰੱਗ ਫੋਰਸ ਦਾ ਸੰਚਾਲਕ ਸੀ ਤੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਸ਼ਿਆਂ ਦੇ ਵਿਰੁੱਧ ਇੱਕ ਵਿਸ਼ਾਲ ਮੁਹਿੰਮ ਚਲਾਈ ਹੋਈ ਸੀ, ਦੀ ਨਸ਼ਿਆਂ ਦੇ ਇਕ ਵਿਕਰੇਤਾ ਵੱਲੋਂ ਸਰੇਆਮ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਘਟਨਾ ਬੇਹੱਦ ਮੰਦਭਾਗੀ ਤੇ ਨਿੰਦਣਯੋਗ ਹੈ। ਇਹ ਘਟਨਾ ਪੰਜਾਬ ਸਰਕਾਰ ਦੇ ਦਾਅਵਿਆਂ, ਕਾਨੂੰਨ ਵਿਵਸਥਾ ਤੇ ਪੁਲਿਸ ਪ੍ਰਸ਼ਾਸ਼ਨ ਲਈ ਵੀ ਸਵਾਲ ਖੜ੍ਹੇ ਕਰਦੀ ਹੈ, ਜਿੱਥੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਨੌਜਵਾਨਾਂ ਨੂੰ ਆਪਣੀ ਜਾਨ ਤੱਕ ਵੀ ਗੁਆਉਣੀ ਪੈ ਰਹੀ ਹੈ। ਪੈਨਸ਼ਨਰਜ਼ ਐਸੋਸੀਏਸ਼ਨ, ਸਰਕਲ ਕਪੂਰਥਲਾ ਦੀ ਵਰਕਿੰਗ ਕਮੇਟੀ ਪੰਜਾਬ ਸਰਕਾਰ ਪਾਸੋਂ ਮੰਗ ਕਰਦੀ ਹੈ ਕਿ ਇਸ ਕਤਲ ਦੀ ਉਚ-ਪੱਧਰੀ ਜਾਂਚ ਕਰਵਾਈ ਜਾਵੇ ਤੇ ਪੀੜਤ ਪਰਿਵਾਰ ਨੂੰ ਉਚਿਤ ਇਨਸਾਫ ਦੇ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੰਤੋਖ ਸਿੰਘ ਨਾਹਲ, ਹਿੰਦ ਭੂਸਨ, ਕਿਸ਼ਨ ਗੋਪਾਲ ਗੱਟੀ ਤੇ ਹੋਰ ਆਗੂ ਹਾਜ਼ਰ ਸਨ।