ਝੋਟੇ ਦੇ ਕਤਲ ਨਾਲ ਮਾਨ ਸਰਕਾਰ ਦੀਆਂ ਨੀਂਹਾਂ ਹਿੱਲੀਆਂ : ਅਕਾਲੀ ਦਲ ਨਸ਼ਿਆ ਖ਼ਿਲਾਫ਼ ਲੜਨ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਨਾਲ ਭਗਵੰਤ ਮਾਨ ਸਰਕਾਰ ਦੀਆਂ ਨੀਂਹਾਂ ਹਿੱਲੀਆਂ - ਖੁਰਾਣਾ/ ਚੰਦੀ
Publish Date: Thu, 15 Oct 2026 06:49 PM (IST)
Updated Date: Thu, 15 Oct 2026 06:51 PM (IST)
ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ : ਖੁਰਾਣਾ/ਚੰਦੀ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਦੇ ਮਾਨਸਾ ਵਿਖੇ ਨਸ਼ਿਆਂ ਖ਼ਿਲਾਫ਼ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਨੂੰ ਪੂਰਾ ਸਮਰਥਨ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਹਲਕਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਤੇ ਹਲਕਾ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਫਗਵਾੜਾ ਵਿੱਚ ਰੋਸ ਮਾਰਚ ਕੱਢਿਆ ਗਿਆ। ਬੰਗਾ ਰੋਡ ਸਥਿਤ ਗੁਰਦੁਆਰਾ ਅਕਾਲੀਆਂ ਤੋਂ ਸ਼ੁਰੂ ਹੋਏ ਇਸ ਮਾਰਚ ਦੌਰਾਨ ਅਕਾਲੀ ਆਗੂਆਂ ਤੇ ਵਰਕਰਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਆਪਣੇ ਕਾਰੋਬਾਰ ਬੰਦ ਰੱਖ ਕੇ ਪੰਜਾਬ ਬੰਦ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਖੁਰਾਣਾ ਤੇ ਚੰਦੀ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ ਤੇ ਪੰਜਾਬ ਬੰਦ ਨੂੰ ਫਗਵਾੜਾ ਸਮੇਤ ਸੂਬੇ ਭਰ ਵਿੱਚ ਮਿਲਿਆ ਸਮਰਥਨ ਲੋਕਾਂ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਇਹ ਗੁੱਸਾ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਪ੍ਰਤੀ ਉੱਠ ਰਹੇ ਸਵਾਲਾਂ ਨੂੰ ਵੀ ਉਜਾਗਰ ਕਰਦਾ ਹੈ। ਦੋਵਾਂ ਆਗੂਆਂ ਨੇ ਕਿਹਾ ਕਿ ਜਦੋਂ ਆਮ ਲੋਕ ਕਿਸੇ ਘਟਨਾ ਦੇ ਵਿਰੋਧ ਵਿੱਚ ਇਕਜੁੱਟ ਹੋ ਕੇ ਸੜਕਾਂ ’ਤੇ ਉਤਰਦੇ ਹਨ ਤੇ ਵਪਾਰਕ ਅਦਾਰੇ ਬੰਦ ਰੱਖ ਕੇ ਆਪਣਾ ਰੋਸ ਪ੍ਰਗਟਾਉਂਦੇ ਹਨ, ਤਾਂ ਇਹ ਸਰਕਾਰ ਲਈ ਗੰਭੀਰ ਸੰਕੇਤ ਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਦੇ ਬੰਦ ਨੂੰ ਮਿਲੇ ਵਿਆਪਕ ਹੁੰਗਾਰੇ ਨੇ ਭਗਵੰਤ ਮਾਨ ਸਰਕਾਰ ਦੀਆਂ ਨੀਹਾਂ ਹਿਲਾਉਣ ਵਾਲਾ ਸੰਦੇਸ਼ ਦਿੱਤਾ ਹੈ। ਖੁਰਾਣਾ ਨੇ ਕਿਹਾ ਕਿ ਝੋਟਾ ਦੇ ਕਤਲ ਦੇ ਮਾਮਲੇ ਵਿੱਚ ਲੋਕਾਂ ਦੇ ਰੋਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਤੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੀ ਆਵਾਜ਼ ਨੂੰ ਅਣਗੌਲਿਆ ਕਰਨ ਦੀ ਬਜਾਏ ਸਰਕਾਰ ਨੂੰ ਜਨਤਾ ਪ੍ਰਤੀ ਆਪਣੀ ਜਵਾਬਦੇਹੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਤਲ ਕਾਂਡ ਦੇ ਲਈ ਜ਼ਿੰਮੇਵਾਰੀ ਤੇ ਜਵਾਬਦੇਹੀ ਤੈਅ ਕਰਕੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ। ਅਖੀਰ ਵਿੱਚ ਖੁਰਾਣਾ ਤੇ ਚੰਦੀ ਨੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਵਪਾਰੀਆਂ, ਦੁਕਾਨਦਾਰਾਂ, ਸ਼ਹਿਰ ਵਾਸੀਆਂ ਤੇ ਪਿੰਡਾਂ ਦੇ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਦਿਖਾਈ ਗਈ ਏਕਤਾ ਤੇ ਸਹਿਯੋਗ ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਆਪਣੇ ਹੱਕਾਂ ਤੇ ਇਨਸਾਫ਼ ਦੇ ਮੁੱਦਿਆਂ ’ਤੇ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਲਈ ਤਿਆਰ ਹਨ। ਇਸ ਮੌਕੇ ਹਰਵਿੰਦਰ ਸਿੰਘ ਵਾਲੀਆ, ਬੀਬੀ ਸਰਬਜੀਤ ਕੌਰ, ਅਵਤਾਰ ਸਿੰਘ ਭੁੰਗਰਨੀ, ਬਹਾਦਰ ਸਿੰਘ ਸੰਗਤਪੁਰ, ਗੁਰਦੀਪ ਸਿੰਘ ਖੇੜਾ, ਪ੍ਰਿਤਪਾਲ ਸਿੰਘ ਮੰਗਾ, ਸਰੂਪ ਸਿੰਘ ਖਲਵਾੜਾ, ਗੁਰਮੀਤ ਸਿੰਘ ਬਡਵਾਲ, ਬਲਜਿੰਦਰ ਸਿੰਘ ਠੇਕੇਦਾਰ, ਸਤਵਿੰਦਰ ਸਿੰਘ ਘੁੰਮਣ, ਬਿੰਦਰ ਸਿੰਘ ਰਾਵਲਪਿੰਡੀ, ਬਲਜੀਤ ਸਿੰਘ ਵਾਲੀਆ, ਪਰਮਿੰਦਰ ਸਿੰਘ ਜੰਡੂ, ਗੁਰਮੀਤ ਸਿੰਘ ਰਾਵਲਪਿੰਡੀ, ਸੁਖਵੀਰ ਸਿੰਘ ਕਿੰਨੜਾ, ਅਵਤਾਰ ਸਿੰਘ ਮੰਗੀ, ਬਲਜਿੰਦਰ ਸਿੰਘ ਫਤਿਹਗੜ, ਸੁਰਿੰਦਰ ਸਿੰਘ ਪਾਹਵਾ, ਬਲਵੀਰ ਸਿੰਘ ਗੰਢਵਾ, ਰਜਿੰਦਰ ਸਿੰਘ ਖਾਲਸਾ, ਸੁਰਿੰਦਰ ਪਾਲ ਰਾਵਲਪਿੰਡੀ, ਜਸਵਿੰਦਰ ਸਿੰਘ ਭਗਤਪੁਰਾ, ਰਣਜੀਤ ਸਿੰਘ ਜੀਤੀ, ਡਾ ਹਰਬੰਸ ਸਿੰਘ, ਦਵਿੰਦਰ ਸਿੰਘ, ਗਿਆਨ ਸਿੰਘ ਚਾਨਾ, ਪਰਮਜੀਤ ਸਿੰਘ ਆਜ਼ਾਦ, ਕੁਲਵਿੰਦਰ ਸਿੰਘ ਕਿੰਦਾਂ, ਸੁਰਿੰਦਰ ਸਿੰਘ ਦਰਵੇਸ਼ਪਿੰਡ, ਸਰਬਜੀਤ ਸਿੰਘ ਕਾਕਾ, ਸਨੀ ਸਾਹਨੀ, ਸਰਬਜੀਤ ਸਿੰਘ ਕਾਕਾ, ਸੁਰਿੰਦਰ ਸਿੰਘ ਰਾਵਲਪਿੰਡੀ, ਪਰਮਜੀਤ ਸਿੰਘ ਆਜ਼ਾਦ, ਗਿਆਨ ਸਿੰਘ ਚਾਨਾ, ਰੋਹਿਤ ਪਾਲ, ਆਸੂ ਛਾਬੜਾ, ਗੁਰਪ੍ਰੀਤ ਬੱਗਾ, ਸਤਪਾਲ ਕਿਸਨਪੁਰਾ, ਅਕਾਸਦੀਪ ਸਿੰਘ ਪਾਹਵਾ, ਪ੍ਰਦੀਪ ਕੁਮਾਰ, ਮਨਦੀਪ ਸਿੰਘ ਖੇੜਾ ਤੇ ਹੋਰ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਦੇ ਆਗੂ ਤੇ ਵਰਕਰ ਹਾਜ਼ਰ ਸਨ।