ਨਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹਿਆ ਨਗਰ ਨਿਗਮ ਦਾ ਬਾਥਰੂਮ ਨਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹਿਆ ਨਗਰ ਨਿਗਮ ਦਾ ਬਾਥਰੂਮ
Publish Date: Tue, 08 Sep 2026 10:21 PM (IST)
Updated Date: Tue, 08 Sep 2026 10:22 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼ਹਿਰ ਦੇ ਜੇਸੀਟੀ ਮਿਲ ਦੇ ਨੇੜੇ ਸਥਿਤ ਮਾਰਕੀਟ ਵਿੱਚ ਨਗਰ ਨਿਗਮ ਫਗਵਾੜਾ ਵੱਲੋਂ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਬਾਥਰੂਮ ਕਥਿਤ ਨਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹਿਆ ਹੋਇਆ ਹੈ। ਹਾਲਾਤ ਇਹ ਹਨ ਕਿ ਮਾਰਕੀਟ ਵਿੱਚ ਆਉਣ ਵਾਲੇ ਬਹੁਤੇ ਲੋਕਾਂ ਨੂੰ ਇਹ ਪਤਾ ਤੱਕ ਨਹੀਂ ਲੱਗਦਾ ਕਿ ਇੱਥੇ ਨਗਰ ਨਿਗਮ ਵੱਲੋਂ ਜਨਤਕ ਬਾਥਰੂਮ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਇਸ ਮਾਰਕੀਟ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਖਰੀਦਦਾਰੀ ਲਈ ਪਹੁੰਚਦੇ ਹਨ, ਜਿਨ੍ਹਾਂ ਵਿੱਚ ਬਜ਼ੁਰਗਾਂ, ਬੱਚਿਆਂ ਦੀ ਵੀ ਵੱਡੀ ਗਿਣਤੀ ਹੁੰਦੀ ਹੈ। ਪਰ ਜੇਕਰ ਕਿਸੇ ਵਿਅਕਤੀ ਨੂੰ ਬਾਥਰੂਮ ਦੀ ਲੋੜ ਪੈ ਜਾਵੇ ਤਾਂ ਨਜਾਇਜ਼ ਕਬਜ਼ਿਆਂ ਕਾਰਨ ਬਾਥਰੂਮ ਤੱਕ ਪਹੁੰਚਣ ਦਾ ਰਸਤਾ ਹੀ ਸਪਸ਼ਟ ਤੌਰ ’ਤੇ ਦਿਖਾਈ ਨਹੀਂ ਦਿੰਦਾ। ਇਸ ਸਬੰਧੀ ਇੰਟਕ ਦੇ ਮੀਤ ਪ੍ਰਧਾਨ ਧਰਮਿੰਦਰ ਨੇ ਕਿਹਾ ਕਿ ਨਗਰ ਨਿਗਮ ਦੇ ਬਾਥਰੂਮ ਦੇ ਬਾਹਰ ਕਥਿਤ ਤੌਰ ’ਤੇ ਪੂਰੀ ਤਰ੍ਹਾਂ ਕਬਜ਼ੇ ਹੋਏ ਹਨ। ਬਾਥਰੂਮ ਤੱਕ ਪਹੁੰਚਣ ਲਈ ਸਿਰਫ਼ ਇੱਕ ਛੋਟੀ ਜਿਹੀ ਗਲੀ ਬਚੀ ਹੈ, ਜਿਸ ਰਾਹੀਂ ਲੋਕਾਂ ਨੂੰ ਬਾਥਰੂਮ ਤੱਕ ਜਾਣਾ ਪੈਂਦਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਨਗਰ ਨਿਗਮ ਵੱਲੋਂ ਲੋਕਾਂ ਦੀ ਸਹੂਲਤ ਲਈ ਬਾਥਰੂਮ ਬਣਾਇਆ ਗਿਆ ਹੈ ਤਾਂ ਉਸ ਤੱਕ ਪਹੁੰਚਣ ਵਾਲਾ ਰਸਤਾ ਵੀ ਸਾਫ਼ ਤੇ ਖੁੱਲ੍ਹਾ ਕਿਉਂ ਨਹੀਂ ਰੱਖਿਆ ਜਾ ਰਿਹਾ। ਧਰਮਿੰਦਰ ਨੇ ਕਿਹਾ ਕਿ ਇਹ ਨਗਰ ਨਿਗਮ ਦੀ ਲਾਪਰਵਾਹੀ ਹੈ ਜਾਂ ਫਿਰ ਕਬਜ਼ਾਧਾਰੀਆਂ ਦਾ ਇੰਨਾ ਪ੍ਰਭਾਵ ਹੈ ਕਿ ਨਿਗਮ ਆਪਣੇ ਹੀ ਬਾਥਰੂਮ ਨੂੰ ਜਾਣ ਵਾਲਾ ਰਸਤਾ ਵੀ ਖਾਲੀ ਨਹੀਂ ਕਰਵਾ ਪਾ ਰਿਹਾ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਬਾਥਰੂਮ ਤੱਕ ਜਾਣ ਵਾਲੇ ਰਸਤੇ ਨੂੰ ਤਾਂ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਜਾਣਾ ਚਾਹੀਦਾ ਹੈ, ਤਾਂ ਜੋ ਬਜ਼ੁਰਗਾਂ, ਬੱਚਿਆਂ ਸਮੇਤ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨਗਰ ਨਿਗਮ ਫਗਵਾੜਾ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਾਥਰੂਮ ਤੱਕ ਜਾਣ ਵਾਲੇ ਰਸਤੇ ਦੀ ਜਾਂਚ ਕਰਵਾਈ ਜਾਵੇ ਤੇ ਜੇਕਰ ਉੱਥੇ ਨਜਾਇਜ਼ ਕਬਜ਼ੇ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਟਾ ਕੇ ਰਸਤਾ ਆਮ ਲੋਕਾਂ ਲਈ ਖੁੱਲ੍ਹਾ ਕਰਵਾਇਆ ਜਾਵੇ। ਧਰਮਿੰਦਰ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਆਉਣ ਵਾਲੇ ਦਿਨਾਂ ਵਿੱਚ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ, ਤਾਂ ਜੋ ਬਾਥਰੂਮ ਤੱਕ ਜਾਣ ਵਾਲੇ ਰਸਤੇ ਨੂੰ ਖਾਲੀ ਕਰਵਾਉਣ ਅਤੇ ਲੋਕਾਂ ਨੂੰ ਮੁੱਢਲੀ ਜਨਤਕ ਸਹੂਲਤ ਉਪਲਬਧ ਕਰਵਾਉਣ ਲਈ ਢੁੱਕਵੇਂ ਕਦਮ ਚੁੱਕੇ ਜਾ ਸਕਣ ਤੇ ਇਥੇ ਮਹਿਲਾਵਾਂ ਲਈ ਵੀ ਬਾਥਰੂਮ ਦੀ ਸੁਵਿਧਾ ਉਪਲਬਧ ਕਰਵਾਈ ਜਾਵੇ।