- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਣਾ ਵਲੋਂ ਬੰਦ ਹੋਈ ਸ਼ਹਿਰ ਦੀ ਸਫਾਈ ਨਗਰ ਨਿਗਮ ਵੱਲੋਂ ਸ਼ੁਰੂ

-ਰਾਣਾ ਗੁਰਜੀਤ ਸਿੰਘ ਦਾ ਹਾਈਕੋਰਟ ਵਿਚ ਜਾਣਾ ਵਿਕਾਸ ਕਾਰਜਾਂ ਨੂੰ ਰੋਕਣਾ
-ਕਪੂਰਥਲਾ ’ਚੋਂ ਕਾਂਗਰਸ ਦਾ ਸਫ਼ਾਇਆ ਕਰਕੇ ਪੈਦਾ ਕੀਤਾ ਰਾਣਾ ਕਲਚਰ
ਰੌਸ਼ਨ ਖੈੜਾ, ਪੰਜਾਬੀ ਜਾਗਰਣ
ਕਪੂਰਥਲਾ : ਨਗਰ ਨਿਗਮ ਦੀਆਂ ਚੋਣਾਂ ਤੋਂ ਪਹਿਲਾਂ ਰਿਆਸਤੀ ਸ਼ਹਿਰ ਕਪੂਰਥਲਾ ਨੂੰ ਕੂੜੇ ਦਾ ਢੇਰ ਬਣ ਜਾਣ ਉਪਰੰਤ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਆਪਣੇ ਖਰਚੇ ’ਤੇ ਨਿੱਜੀ ਮਸ਼ੀਨਰੀ ਤੇ ਲੇਬਰ ਲਗਾ ਕੇ ਜਿਹੜੀ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ ਸੀ, ਚੋਣਾਂ ਜਿੱਤਣ ਦੇ ਬਾਵਜੂਦ ਵੀ ਉਹ ਮਸ਼ੀਨਰੀ ਗਾਇਬ ਹੋ ਗਈ। ਪੰਜਾਬ ਵਿੱਚ ਨਗਰ ਕੌਂਸਲ/ਨਿਗਮਾਂ ਵਿਚ ਸਫ਼ਾਈ ਸੇਵਕਾਂ ਦੀ ਹੜਤਾਲ ਤੋਂ ਬਾਅਦ ਜਿੱਥੇ ਸਾਰੇ ਸ਼ਹਿਰ ਹੀ ਕੂੜਾਦਾਨ ਬਣਾ ਚੁੱਕੇ ਸਨ, ਉਥੇ ਕਪੂਰਥਲਾ ਨੂੰ ਕਲੀਨ ਐਂਡ ਗ੍ਰੀਨ ਦਾ ਸੰਕਲਪ ਲੈ ਕੇ ਤੁਰੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਨ ਸਭਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਤੇ ਨਵ-ਨਿਯੁਕਤ ਵਿਵਾਦਤ ਮੇਅਰ ਨਰਿੰਦਰ ਸਿੰਘ ਮੰਨਸੂ ਦੀ ਅਗਵਾਈ ਸ਼ਹਿਰ ਦੀ ਸਫ਼ਾਈ ਦਾ ਕਾਰਜ ਜੰਗੀ ਪੱਧਰ ਉੱਤੇ ਸ਼ੁਰੂ ਹੋ ਗਿਆ ਹੈ।
ਇਸ ਬਾਰੇ ਐਡਵੋਕੇਟ ਚੰਦੀ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਤੋਂ ਬਾਅਦ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਕੌਂਸਲਰਾਂ ਨੇ ਸ਼ਹਿਰ ਦੇ ਸਰਵਪੱਖੀ ਵਿਕਾਸ ਖਾਤਰ ਪਾਰਟੀ ਤੋਂ ਉੱਪਰ ਉਠਦਿਆਂ ਆਮ ਆਦਮੀ ਪਾਰਟੀ ਦੀਆਂ ਲੋਕ ਹਿਤਕਾਰੀ ਨੀਤੀਆਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਜੋ ਘੱਟ-ਗਿਣਤੀ ਹੋਣ ਦੇ ਬਾਵਜੂਦ ਵੀ ਮਾਨਯੋਗ ਹਾਈ ਕੋਰਟ ਵਿੱਚ ਗਏ ਹਨ, ਦਾ ਮਨੋਰਥ ਨਗਰ ਨਿਗਮ ਦੇ ਵਿਕਾਸ ਕਾਰਜਾਂ ਨੂੰ ਹੀ ਰੋਕਣਾ ਹੈ, ਲੋਕ ਵਿਰੋਧੀ ਨੀਤੀਆਂ ਨੂੰ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਜੋ ਆਪਣੇ ਕਥਿਤ ਜ਼ੁਲਮ ਨਾਲ ਸਤਾਏ ਹੋਏ ਕੌਂਸਲਰਾਂ ਨੂੰ ਖੁਦ ਨਾਲ ਨਹੀਂ ਰੱਖ ਸਕੇ, ਅੱਜ ਬਿਨਾਂ ਕਾਰਣ ਹੀ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਹਰਾਉਣ ਲਈ ਆਪਣੇ ਹੀ ਲੜਕੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ ਤੇ ਭੁਲੱਥ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਵੀ ਹਰਾਉਣ ਲਈ ਅਜ਼ਾਦ ਉਮੀਦਵਾਰ ਗੋਰਾ ਗਿੱਲ ਮੈਦਾਨ ਵਿੱਚ ਉਤਾਰ ਕੇ ਠਿੱਬੀ ਲਗਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ ਜ਼ਿਲ੍ਹਾ ਕਪੂਰਥਲਾ ਵਿੱਚੋਂ ਕਾਂਗਰਸ ਦਾ ਸਫਾਇਆ ਕਰਕੇ ਰਾਣਾ ਕਲਚਰ ਹੀ ਪੈਦਾ ਕੀਤਾ ਸੀ, ਜਿਸਦੇ ਨਤੀਜੇ ਅੱਜ ਜਦੋਂ ਖੁਦ ਨੂੰ ਭੁਗਤਣੇ ਪੈਂਦੇ ਹਨ ਤਾਂ ਰਾਣਾ ਨੂੰ ਕਾਂਗਰਸ ਯਾਦ ਆ ਰਹੀ ਹੈ। ਐਡਵੋਕੇਟ ਚੰਦੀ ਨੇ ਕਿਹਾ ਕਿ ਜੇਕਰ ਕਾਂਗਰਸ ਦਾ ਨੁਕਸਾਨ ਹੋਇਆ ਹੁੰਦਾ ਤਾਂ ਹਾਈਕੋਰਟ ਵਿੱਚ ਵੀ ਕਾਂਗਰਸ ਵੱਲੋਂ ਪਟੀਸ਼ਨ ਪੈਣੀ ਸੀ ਜਦਕਿ ਨਗਰ ਨਿਗਮ ਦੇ ਕਾਰਜਾਂ ਨੂੰ ਰੋਕਣ ਲਈ ਰਾਣਾ ਗੁਰਜੀਤ ਸਿੰਘ ਖੁਦ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਸਾਡੇ ਮੇਅਰ ਨਰਿੰਦਰ ਸਿੰਘ ਮਨਸੂ ਹੀ ਹਨ ਤੇ ਰਹਿਣਗੇ, ਕਿਉਂਕਿ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਅਗਾਂਹਵਧੂ ਸੋਚ ਵਾਲੇ ਕੌਂਸਲਰ ਪੂਰੀ ਸਮਰਪਿਤ ਭਾਵਨਾਵਾਂ ਨਾਲ ਸਹਿਯੋਗ ਦੇ ਰਹੇ ਹਨ। ਇਸ ਮੌਕੇ ਵਿਵਾਦਿਤ ਸੀਨੀਅਰ ਡਿਪਟੀ ਮੇਅਰ ਕਮਾਕਸ਼ੀ ਦੁੱਗਲ ਤੇ ਡਿਪਟੀ ਮੇਅਰ ਸ਼ਮੀਰ ਸ਼ਰਮਾ, ਕੌਂਸਲਰ ਅਨਿਲ ਸ਼ੁਕਲਾ, ਰਾਹੁਲ ਕੁਮਾਰ ਸਾਬਕਾ ਸੀਨੀਅਰ ਡਿਪਟੀ ਮੇਅਰ, ਕੌਂਸਲਰ ਟਿੰਕੂ ਸ਼ਰਮਾ, ਅਸ਼ਵਨੀ ਅਨੰਦ ਚੇਅਰਮੈਨ ਖੱਤਰੀ ਭਲਾਈ ਸਭਾ, ਰੌਕੀ ਗਗਨੇਜਾ, ਕਨਵ ਪਾਸੀ ਆਦਿ ਹਾਜ਼ਰ ਸਨ।