ਸਟਰੀਟ ਲਾਈਟਾਂ ਦੀ ਸਾਂਭ-ਸੰਭਾਲ ਲਈ ਚਾਰ ਟੀਮਾਂ ਦਾ ਗਠਨ ਨਗਰ ਨਿਗਮ ਵੱਲੋਂ ਸਟਰੀਟ ਲਾਈਟਾਂ ਦੀ ਸਾਂਭ-ਸੰਭਾਲ ਲਈ ਚਾਰ ਟੀਮਾਂ ਦਾ ਗਠਨ
Publish Date: Fri, 02 Oct 2026 09:05 PM (IST)
Updated Date: Fri, 02 Oct 2026 09:07 PM (IST)
--ਸਟਰੀਟ ਲਾਈਟਾਂ ਸਬੰਧੀ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਵਸਨੀਕ ਨਿਰਧਾਰਤ ਟੀਮਾਂ ਦੇ ਮੋਬਾਈਲ ਨੰਬਰਾਂ ’ਤੇ ਸਿੱਧਾ ਸੰਪਰਕ ਕਰ ਸਕਦੇ ਹਨ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼ਹਿਰ ਵਿੱਚ ਸਟਰੀਟ ਲਾਈਟਾਂ ਸਬੰਧੀ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਉਣ ਤੇ ਸਮੁੱਚੀ ਰੌਸ਼ਨੀ ਵਿਵਸਥਾ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਨਗਰ ਨਿਗਮ ਵੱਲੋਂ ਆਊਟਸੋਰਸਿੰਗ ਰਾਹੀਂ ਤਾਇਨਾਤ ਕਰਮਚਾਰੀਆਂ ਦੀਆਂ ਚਾਰ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਸ਼ਹਿਰ ਭਰ ਵਿੱਚ ਸਟਰੀਟ ਲਾਈਟਾਂ ਦੀ ਸਾਂਭ-ਸੰਭਾਲ, ਮੁਰੰਮਤ ਤੇ ਦੇਖ-ਰੇਖ ਦਾ ਕੰਮ ਕਰਨਗੀਆਂ। ਹਰੇਕ ਟੀਮ ਵਿੱਚ ਇਲੈਕਟ੍ਰੀਸ਼ੀਅਨ ਤੇ ਸਹਾਇਕ ਕਰਮਚਾਰੀ ਸ਼ਾਮਲ ਹਨ ਤੇ ਉਨ੍ਹਾਂ ਨੂੰ ਨਿਰਧਾਰਤ ਵਾਰਡਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਤਾਂ ਜੋ ਸਟਰੀਟ ਲਾਈਟਾਂ ਦੀ ਨਿਯਮਤ ਜਾਂਚ, ਸਮੇਂ ਸਿਰ ਮੁਰੰਮਤ ਤੇ ਪ੍ਰਭਾਵਸ਼ਾਲੀ ਨਿਗਰਾਨੀ ਯਕੀਨੀ ਬਣਾਈ ਜਾ ਸਕੇ। ਸ਼ਹਿਰ ਵਾਸੀ ਸਟਰੀਟ ਲਾਈਟਾਂ ਸਬੰਧੀ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਸਬੰਧਤ ਟੀਮ ਦੇ ਮੈਂਬਰਾਂ ਨਾਲ ਉਪਰੋਕਤ ਮੋਬਾਈਲ ਨੰਬਰਾਂ ’ਤੇ ਸਿੱਧਾ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸਟਰੀਟ ਲਾਈਟਾਂ ਸਮੇਤ ਮਿਆਰੀ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਟਰੀਟ ਲਾਈਟਾਂ ਦੀ ਸਾਂਭ-ਸੰਭਾਲ ਦੇ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਨਾਲ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ, ਬਿਹਤਰ ਰੌਸ਼ਨੀ ਵਾਲਾ ਤੇ ਸੁਵਿਧਾਜਨਕ ਸ਼ਹਿਰੀ ਵਾਤਾਵਰਣ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ। ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਨੇ ਕਿਹਾ ਕਿ ਸਾਰੀਆਂ ਟੀਮਾਂ ਆਪਣੇ-ਆਪਣੇ ਨਿਰਧਾਰਤ ਖੇਤਰਾਂ ਵਿੱਚ ਨਿਯਮਤ ਜਾਂਚ ਕਰਨਗੀਆਂ ਤੇ ਮੁਰੰਮਤ ਤੇ ਸਾਂਭ-ਸੰਭਾਲ ਦਾ ਕੰਮ ਤੁਰੰਤ ਨੇਪਰੇ ਚਾੜ੍ਹਨਗੀਆਂ। ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਕੀਤੇ ਗਏ ਕੰਮ ਦੀ ਰੋਜ਼ਾਨਾ ਰਿਪੋਰਟ ਸਬੰਧਤ ਜੂਨੀਅਰ ਇੰਜੀਨੀਅਰ ਨੂੰ ਸੌਂਪੀ ਜਾਵੇਗੀ, ਜਿਸ ਨਾਲ ਕੰਮ ਦੀ ਪ੍ਰਭਾਵਸ਼ਾਲੀ ਨਿਗਰਾਨੀ ਤੇ ਜਵਾਬਦੇਹੀ ਯਕੀਨੀ ਬਣਾਈ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਇਲੈਕਟ੍ਰੀਸ਼ੀਅਨ ਸਿਮਰਨਜੀਤ ਸਿੰਘ ਨੂੰ ਸਟਰੀਟ ਲਾਈਟਾਂ ਸਬੰਧੀ ਸ਼ਿਕਾਇਤਾਂ ਦਾ ਵੱਖਰਾ ਰਜਿਸਟਰ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪ੍ਰਾਪਤ ਹੋਣ ਵਾਲੀਆਂ ਸਾਰੀਆਂ ਸ਼ਿਕਾਇਤਾਂ ਨੂੰ ਰਜਿਸਟਰ ਵਿੱਚ ਦਰਜ ਕਰਕੇ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਵੇਗੀ, ਤਾਂ ਜੋ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਵੀਂ ਵਿਵਸਥਾ ਨਾਲ ਸ਼ਿਕਾਇਤਾਂ ਦੇ ਨਿਪਟਾਰੇ ਦੀ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ ਤੇ ਸ਼ਹਿਰ ਭਰ ਵਿੱਚ ਸਟਰੀਟ ਲਾਈਟਾਂ ਦੀ ਨਿਯਮਤ ਸਾਂਭ-ਸੰਭਾਲ ਯਕੀਨੀ ਬਣਾਈ ਜਾ ਸਕੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਸਟਰੀਟ ਲਾਈਟ ਬੰਦ ਜਾਂ ਖ਼ਰਾਬ ਹੋਵੇ ਤਾਂ ਇਸ ਦੀ ਸੂਚਨਾ ਨਿਰਧਾਰਤ ਟੀਮ ਦੇ ਮੈਂਬਰਾਂ ਨੂੰ ਦਿੱਤੀ ਜਾਵੇ, ਤਾਂ ਜੋ ਬਿਨਾਂ ਕਿਸੇ ਦੇਰੀ ਦੇ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਇਹ ਹਨ ਸਟਰੀਟ ਲਾਈਟਾਂ ਦੇ ਰਾਖੇ --ਟੀਮ ਨੰਬਰ 1: ਇਲੈਕਟ੍ਰੀਸ਼ੀਅਨ ਕੁਲਦੀਪ ਸਿੰਘ (9872352736) ਤੇ ਰਾਜ ਕੁਮਾਰ (9781069962) ਦੀ ਇਹ ਟੀਮ ਵਾਰਡ ਨੰਬਰ 1 ਤੋਂ 50 ਤੱਕ ਦੇ ਖੇਤਰਾਂ ਦੀ ਦੇਖ-ਰੇਖ ਕਰੇਗੀ। --ਟੀਮ ਨੰਬਰ 2 : ਇਲੈਕਟ੍ਰੀਸ਼ੀਅਨ ਬੱਬੂ (9779175087) ਤੇ ਕਮਲਜੀਤ ਸਿੰਘ (8564723092) ਦੀ ਇਹ ਟੀਮ ਵਾਰਡ ਨੰਬਰ 1 ਤੋਂ 17 ਤੱਕ ਸਟਰੀਟ ਲਾਈਟਾਂ ਦੀ ਸਾਂਭ-ਸੰਭਾਲ ਕਰੇਗੀ। --ਟੀਮ ਨੰਬਰ 3 : ਇਲੈਕਟ੍ਰੀਸ਼ੀਅਨ ਅਮਨਦੀਪ ਸਿੰਘ (7087511230) ਤੇ ਪਵਨ ਕੁਮਾਰ (9781163181) ਦੀ ਇਹ ਟੀਮ ਵਾਰਡ ਨੰਬਰ 18 ਤੋਂ 35 ਤੱਕ ਦੇ ਖੇਤਰਾਂ ਦੀ ਜ਼ਿੰਮੇਵਾਰੀ ਨਿਭਾਏਗੀ। --ਟੀਮ ਨੰਬਰ 4 : ਇਲੈਕਟ੍ਰੀਸ਼ੀਅਨ ਪੰਕਜ (8728040987), ਸ਼ੇਰ ਸਿੰਘ (7529880890) ਤੇ ਦਮਨਪ੍ਰੀਤ ਸਿੰਘ (7696652823) ਦੀ ਇਹ ਟੀਮ ਵਾਰਡ ਨੰਬਰ 36 ਤੋਂ 50 ਤੱਕ ਸਟਰੀਟ ਲਾਈਟਾਂ ਦੀ ਦੇਖ-ਰੇਖ ਕਰੇਗੀ।