ਕਪੂਰਥਲਾ ਵਿੱਚ ਚਲਾਈ ਸਾਫ ਸਫ਼ਾਈ ਮੁਹਿੰਮ ਨਗਰ ਨਿਗਮ ਕਮਿਸ਼ਨਰ ਅਤੇ ਆਪ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਕਪੂਰਥਲਾ ਵਿੱਚ ਚਲਾਈ ਸਾਫ ਸਫ਼ਾਈ ਮੁਹਿੰਮ
Publish Date: Sat, 29 Aug 2026 06:54 PM (IST)
Updated Date: Sat, 29 Aug 2026 06:58 PM (IST)
-ਨਗਰ ਨਿਗਮ ਕਮਿਸ਼ਨਰ ਅਤੇ ਆਪ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਚਲਾਈ ਮੁਹਿੰਮ -ਸ਼ਹਿਰ ਭਰ ਵਿੱਚ ਸਵੱਛਤਾ ਅਭਿਆਨ ਦੀ ਕੀਤੀ ਗਈ ਸ਼ੁਰੂਆਤ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬੇ ਭਰ ਵਿੱਚ ਸਾਫ਼-ਸਫ਼ਾਈ ਤੇ ਸੈਨੀਟੇਸ਼ਨ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ, 29 ਅਗਸਤ ਤੋਂ 8 ਸਤੰਬਰ ਤੱਕ ਚਲਾਏ ਜਾ ਰਹੇ 10 ਦਿਨਾਂ ਵਿਸ਼ੇਸ਼ ਸਵੱਛਤਾ ਅਭਿਆਨ ਤਹਿਤ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਤੇ ਆਪ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਕਪੂਰਥਲਾ ਵਿੱਚ ਇੱਕ ਵੱਡੀ ਸਫ਼ਾਈ ਮੁਹਿੰਮ ਦੀ ਅਗਵਾਈ ਕੀਤੀ। ਇਹ ਸਫ਼ਾਈ ਮੁਹਿੰਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਚਲਾਈ ਗਈ, ਜਿਸ ਵਿੱਚ ਸਫ਼ਾਈ ਟੀਮਾਂ ਵੱਲੋਂ ਸਾਫ਼-ਸਫ਼ਾਈ, ਇਕੱਠੇ ਹੋਏ ਕੂੜੇ ਨੂੰ ਹਟਾਉਣ ਤੇ ਪਛਾਣੇ ਗਏ ਕੂੜੇ ਨੂੰ ਗਾਰਬੇਜ ਵਲਨਰੇਬਲ ਪੁਆਇੰਟਸ ਤੇ ਬਲੈਕ ਸਪਾਟਸ ਨੂੰ ਸਾਫ਼ ਕਰਨ ਦਾ ਕੰਮ ਕੀਤਾ ਗਿਆ। ਮੁਹਿੰਮ ਦੌਰਾਨ ਗੱਲਬਾਤ ਕਰਦਿਆਂ ਕਮਿਸ਼ਨਰ ਅਨੁਪਮ ਕਲੇਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਕਪੂਰਥਲਾ ਭਰ ਵਿੱਚ ਸਫ਼ਾਈ ਵਿਵਸਥਾ ਵਿੱਚ ਸੁਧਾਰ ਲਿਆਉਣਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਤੇ ਸਫ਼ਾਈ ਸਟਾਫ਼ ਨੂੰ ਨਿਰਦੇਸ਼ ਦਿੱਤੇ ਕਿ ਪਛਾਣੇ ਗਏ ਸਾਰੇ ਸੰਵੇਦਨਸ਼ੀਲ ਥਾਵਾਂ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਵੇ ਤੇ ਉੱਥੇ ਦੁਬਾਰਾ ਕੂੜਾ ਸੁੱਟਣ ਤੋਂ ਰੋਕਣ ਲਈ ਨਜ਼ਰ ਰੱਖੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਲਈ ਲੋੜੀਂਦੀ ਮੈਨਪਾਵਰ, ਮਸ਼ੀਨਰੀ ਤੇ ਵਾਹਨ ਤਾਇਨਾਤ ਕੀਤੇ ਗਏ ਹਨ, ਜਦਕਿ ਉਨ੍ਹਾਂ ਥਾਵਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਹਾ ਹੈ, ਜਿੱਥੇ ਅਕਸਰ ਕੂੜਾ ਇਕੱਠਾ ਹੁੰਦਾ ਹੈ। ਨਗਰ ਨਿਗਮ ਇਹ ਯਕੀਨੀ ਬਣਾਉਣ ਲਈ ਇਨ੍ਹਾਂ ਥਾਵਾਂ ਦੀ ਨਿਗਰਾਨੀ ਜਾਰੀ ਰੱਖੇਗਾ ਕਿ ਮੁਹਿੰਮ ਦੌਰਾਨ ਤੇ ਇਸ ਤੋਂ ਬਾਅਦ ਵੀ ਸਫ਼ਾਈ ਦੇ ਮਾਪਦੰਡ ਬਰਕਰਾਰ ਰਹਿਣ। ਕਮਿਸ਼ਨਰ ਨੇ ਸਫ਼ਾਈ ਨਾਲ ਸਬੰਧਤ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਤੇ ਵੀ ਜ਼ੋਰ ਦਿੱਤਾ ਤੇ ਫੀਲਡ ਸਟਾਫ਼ ਨੂੰ ਚੌਕਸ ਰਹਿਣ ਤੇ ਜਿੱਥੇ ਵੀ ਸਫ਼ਾਈ ਵਿੱਚ ਘਾਟ ਨਜ਼ਰ ਆਵੇ, ਤੁਰੰਤ ਸੁਧਾਰਾਤਮਕ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਨਗਰ ਨਿਗਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਸ਼ਹਿਰਵਾਸੀਆਂ ਨੂੰ ਸਫ਼ਾਈ ਟੀਮਾਂ ਦਾ ਪੂਰਨ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਜ਼ਿੰਮੇਵਾਰੀ ਨਾਲ ਕੂੜੇ ਦਾ ਨਿਪਟਾਰਾ ਕਰਨ ਤੇ ਜਨਤਕ ਥਾਵਾਂ ਤੇ ਕੂੜਾ ਨਾ ਸੁੱਟਣ ਦੀ ਅਪੀਲ ਕਰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਭਾਈਚਾਰਕ ਭਾਗੀਦਾਰੀ ਬਹੁਤ ਜ਼ਰੂਰੀ ਹੈ।