ਤਿਉਹਾਰਾਂ ਦੇ ਦਿਨਾਂ ’ਚ ਨਿਗਮ ਦੀ ਕਾਰਵਾਈ ਨਿੰਦਣਯੋਗ : ਸਾਂਪਲਾ ਤਿਉਹਾਰਾਂ ਦੇ ਦਿਨਾ ਚ ਨਿਗਮ ਦੀ ਕਾਰਵਾਈ ਨਿੰਦਨਯੋਗ,ਆਸ਼ੂ ਸਾਂਪਲਾ
Publish Date: Mon, 19 Oct 2026 10:34 PM (IST)
Updated Date: Mon, 19 Oct 2026 10:36 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਅਕਸਰ ਛੇ ਮਹੀਨੇ ਬਾਦ ਜਦੋਂ ਗਰਮੀ ਦੀ ਰੁੱਤ ਆਉਂਦੀ ਹੈ ਜਾਂ ਮੌਸਮ ਬਦਲਦਾ ਹੈ ਤੇ ਸਰਦੀ ਸ਼ੁਰੂ ਹੋਣ ਵਾਲੀ ਹੁੰਦੀ ਹੈ, ਉਦੋਂ ਨਗਰ ਨਿਗਮ ਫਗਵਾੜਾ ਦੇ ਅਧਿਕਾਰੀਆਂ ਨੂੰ ਦੁਕਾਨਦਾਰਾਂ ਦਾ ਸਮਾਨ ਚੁੱਕਣ ਦੀ ਆਦਤ ਪੈ ਚੁੱਕੀ ਹੈ। ਹੁਣ ਇਸ ਸਮਾਨ ਦਾ ਉਹ ਆਪਣੇ ਪਰਿਵਾਰ ਨਾਲ ਤਿਉਹਾਰ ਮਨਾਉਣ ਲਈ ਇਸਤੇਮਾਲ ਕਰਦੇ ਹਨ ਜਾਂ ਵਾਪਸ ਦੁਕਾਨਦਾਰਾਂ ਨੂੰ ਦਿੰਦੇ ਹਨ, ਇਸਦਾ ਜਵਾਬ ਤਾਂ ਫਗਵਾੜਾ ਦੇ ਕਮਿਸ਼ਨਰ ਜਾਂ ਮੇਅਰ ਸਾਹਬ ਹੀ ਦੇ ਸਕਦੇ ਹਨ। ਸ਼ਹਿਰ ਨੂੰ ਸਾਫ਼-ਸੁਥਰਾ ਤੇ ਰੰਗਲਾ ਬਣਾਉਣ ਲਈ ਨਗਰ ਨਿਗਮ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸ਼ਹਿਰ ਵਾਸੀ ਸਾਡਾ ਸਹਿਯੋਗ ਕਰਨ ਅਸੀਂ ਫਗਵਾੜਾ ਸ਼ਹਿਰ ਨੂੰ ਰੰਗਲਾ ਬਣਾ ਦਿਆਂਗੇ। ਨਜਾਇਜ਼ ਕਬਜ਼ੇ ਹਟਾਉਣਾ ਬਹੁਤ ਜ਼ਰੂਰੀ ਹੈ। ਫਗਵਾੜਾ ਵਾਸੀ ਵੀ ਨਜਾਇਜ਼ ਕਬਜ਼ਿਆਂ ਦੀ ਹਮਾਇਤ ਨਹੀ ਕਰਦੇ ਪਰ ਤਿਉਹਾਰਾਂ ਦੇ ਦਿਨਾਂ ਵਿਚ ਕਿਸੇ ਗਰੀਬ ਦੀ ਰੇਹੜੀ ਤੋੜਕੇ ਕਿਸੇ ਗਰੀਬ ਦੇ ਢਿੱਡ ’ਤੇ ਲੱਤ ਮਾਰਨੀ ਕਿਥੋਂ ਦਾ ਇਨਸਾਫ ਹੈ। ਕੀ ਸਿਰਫ ਨਜਾਇਜ਼ ਰੇਹੜੀਆਂ-ਫੜੀਆਂ ਨੂੰ ਤੋੜ ਕੇ ਸ਼ਹਿਰ ਨੂੰ ਰੰਗਲਾ ਬਣਾਇਆ ਜਾ ਸਕਦਾ ਹੈ। ਜੇਕਰ ਰੇਹੜੀਆਂ-ਫੜੀਆਂ ਨੂੰ ਹਟਾ ਕੇ ਫਗਵਾੜੇ ਨੂੰ ਸੋਹਣਾ ਬਣਾਇਆ ਜਾ ਸਕਦਾ ਹੈ ਤੇ ਫਿਰ ਜੋ ਨਗਰ ਨਿਗਮ ਵੱਲੋਂ ਸ਼ਹਿਰ ਅੰਦਰ ਪੀਲੀ ਲਕੀਰ ਲਗਾਈ ਗਈ ਸੀ ਉਹ ਕਿਥੇ ਗਈ? ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਸੂਬਾ ਮੀਤ ਪ੍ਰਧਾਨ ਐੱਸਸੀ ਮੋਰਚਾ ਆਸ਼ੂ ਸਾਂਪਲਾ ਤੇ ਭਾਜਪਾ ਮੰਡਲ ਫਗਵਾੜਾ-ਟੂ ਦੇ ਪ੍ਰਧਾਨ ਬਲਵਿੰਦਰ ਠਾਕੁਰ ਨੇ ਕਿਹਾ ਕਿ ਅਸੀ ਵੀ ਨਜਾਇਜ਼ ਕਬਜ਼ਿਆਂ ਦੇ ਵਿਰੁੱਧ ਹਾਂ, ਜਿਥੇ ਪਹਿਲਾਂ ਸ਼ਹਿਰ ਅੰਦਰ ਇਕਾ-ਦੁੱਕਾ ਰੇਹੜੀਆਂ ਸਨ, ਉਥੇ ਹੁਣ ਕਬਜ਼ਿਆਂ ਦੀ ਭਰਮਾਰ ਹੋ ਗਈ ਹੈ। ਇਹ ਨਗਰ ਨਿਗਮ ਦੀ ਨਲਾਇਕੀ ਦਾ ਨਤੀਜਾ ਹੈ। ਜੇਕਰ ਪਹਿਲਾ ਹੀ ਨਜਾਇਜ਼ ਕਬਜ਼ੇ ਰੋਕੇ ਜਾਣ ਤਾਂ ਕਦੇ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀ ਹੋਵੇਗੀ। ਇਸ ਤਰ੍ਹਾਂ ਕਿਸੇ ਦੀਆਂ ਵੀ ਰੇਹੜੀਆਂ-ਫੜੀਆਂ ਤੋਂ ਸਮਾਨ ਚੁੱਕ ਕੇ ਨੁਕਸਾਨ ਕਰਨਾ ਸ਼ੋਭਾ ਨਹੀਂ ਦਿੰਦਾ। ਜੇਕਰ ਲੱਖਾਂ ਰੁਪਏ ਤਨਖਾਹਾਂ ਲੈਣ ਵਾਲੇ ਹੀ ਰੇਹੜੀਆਂ ਤੋਂ ਸਮਾਨ ਚੁੱਕਣਗੇ ਤਾਂ ਨਗਰ ਨਿਗਮ ਉਚ ਅਧਿਕਾਰੀਆਂ ’ਤੇ ਸਵਾਲ ਉੱਠਣਾ ਲਾਜ਼ਮੀ ਹੈ। ਫਗਵਾੜਾ ਵਾਸੀ ਨਿਗਮ ਦੀ ਅਵਾਰਾ ਕਬਜ਼ੇ ਹਟਾਉਣ ਦੀ ਕਾਰਵਾਈ ਦੀ ਸ਼ਲਾਘਾ ਕਰਦੇ ਹਨ ਪਰ ਕਿਸੇ ਗਰੀਬ ਦਾ ਨੁਕਸਾਨ ਕਰਕੇ ਕੋਈ ਵੀ ਸ਼ਹਿਰ ਵਾਸੀ ਖੁਸ਼ ਨਹੀਂ ਹੋਵੇਗਾ, ਉਹ ਵੀ ਤਿਉਹਾਰਾਂ ਵਾਲੇ ਦਿਨਾਂ ਵਿਚ। ਨਗਰ ਨਿਗਮ ਅਧਿਕਾਰੀਆਂ ਨੂੰ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਨਜਾਇਜ਼ ਕਬਜ਼ੇ ਹਟਾਉਣ ਦਾ ਸਾਧਨ ਸਿਰਫ ਸਮਾਨ ਚੁੱਕਣਾ ਨਹੀਂ ਸਗੋਂ ਪੀਲੀ ਲਕੀਰ ਲਗਾ ਕੇ ਦੁਕਾਨਾਂ ਨੂੰ ਪਿੱਛੇ ਕਰਵਾ ਕੇ ਵੀ ਸ਼ਹਿਰ ਵਾਸੀਆਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ। ਇਸ ਵੱਲ ਵੀ ਨਿਗਮ ਕਮਿਸ਼ਨਰ ਨੂੰ ਧਿਆਨ ਦੇਣਾ ਚਾਹੀਦਾ।