ਡਾ. ਰਾਜ ਨੇ ਛੱਠ ਪੂਜਾ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਛੱਠ ਪੂਜਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਚੱਬੇਵਾਲ ਨੇ ਅਰਬਨ ਅਸਟੇਟ ਅਤੇ ਓਂਕਾਰ ਨਗਰ ਦਾ ਕੀਤਾ ਦੌਰਾ
Publish Date: Fri, 30 Oct 2026 06:37 PM (IST)
Updated Date: Fri, 30 Oct 2026 06:40 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਛੱਠ ਪੂਜਾ ਦੇ ਆਗਾਮੀ ਤਿਉਹਾਰ ਨੂੰ ਲੈ ਕੇ ਸ਼ਰਧਾਲੂਆਂ ਦੀ ਸਹੂਲਤ ਤੇ ਸੁਰੱਖਿਆ ਦੇ ਮੱਦੇਨਜ਼ਰ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਸ਼ੁੱਕਰਵਾਰ ਨੂੰ ਫਗਵਾੜਾ ਦੇ ਅਰਬਨ ਅਸਟੇਟ ਤੇ ਓਂਕਾਰ ਨਗਰ ਵਿਖੇ ਛੱਠ ਪੂਜਾ ਦੇ ਸਥਾਨਾਂ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਮੇਅਰ ਰਾਮਪਾਲ ਉੱਪਲ, ਡਿਪਟੀ ਮੇਅਰ ਵਿੱਕੀ ਸੂਦ, ਏਡੀਸੀ ਫਗਵਾੜਾ ਰਣਦੀਪ ਸਿੰਘ ਹੀਰ, ਹੋਰ ਪ੍ਰਸ਼ਾਸਨਿਕ ਅਧਿਕਾਰੀ, ਸਥਾਨਕ ਵਸਨੀਕ ਤੇ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਮੌਜੂਦ ਸਨ। ਦੌਰੇ ਦੌਰਾਨ ਡਾ. ਚੱਬੇਵਾਲ ਨੇ ਪ੍ਰਬੰਧਕਾਂ ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਕੇ ਧਾਰਮਿਕ ਸਮਾਗਮਾਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੋਵਾਂ ਸਥਾਨਾਂ ਦੀਆਂ ਲੋੜਾਂ ਦਾ ਜਾਇਜ਼ਾ ਲੈਂਦਿਆਂ ਸ਼ਰਧਾਲੂਆਂ ਨੂੰ ਸਾਫ਼-ਸੁਥਰਾ, ਸੁਰੱਖਿਅਤ ਤੇ ਸੁਚੱਜਾ ਮਾਹੌਲ ਮੁਹੱਈਆ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਛੱਠ ਪੂਜਾ ਦੇ ਸਥਾਨਾਂ ’ਤੇ ਸਫ਼ਾਈ, ਉਚਿਤ ਰੌਸ਼ਨੀ, ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ, ਸੁਰੱਖਿਆ ਤੇ ਹੋਰ ਜ਼ਰੂਰੀ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਤਿਉਹਾਰ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਿੱਥੇ ਲੋੜ ਹੋਵੇ, ਉੱਥੇ ਟੈਂਕਰਾਂ ਰਾਹੀਂ ਸਾਫ਼ ਪਾਣੀ ਦੀ ਉਚਿਤ ਵਿਵਸਥਾ ਕਰਨ, ਪੂਜਾ ਸਥਾਨਾਂ ਦੀ ਸਫ਼ਾਈ ਤੇ ਰੌਸ਼ਨੀ ਦੇ ਪੁਖਤਾ ਪ੍ਰਬੰਧ ਕਰਨ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧ ਵੀ ਮਜ਼ਬੂਤ ਕਰਨ ਲਈ ਕਿਹਾ ਗਿਆ। ਡਾ. ਚੱਬੇਵਾਲ ਨੇ ਕਿਹਾ ਕਿ ਛੱਠ ਪੂਜਾ ਇੱਕ ਮਹੱਤਵਪੂਰਨ ਧਾਰਮਿਕ ਤਿਉਹਾਰ ਹੈ, ਜਿਸ ਨੂੰ ਸ਼ਰਧਾਲੂਆਂ ਵੱਲੋਂ ਬੜੀ ਆਸਥਾ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਸ਼ਰਧਾਲੂ ਸੂਰਜ ਦੇਵਤਾ ਤੇ ਛੱਠੀ ਮਈਆ ਦੀ ਪੂਜਾ ਕਰਕੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਤੰਦਰੁਸਤੀ ਲਈ ਅਰਦਾਸ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਆਪਣੇ ਧਾਰਮਿਕ ਤਿਉਹਾਰ ਸ਼ਾਂਤਮਈ ਤੇ ਸੁਖਾਵੇਂ ਮਾਹੌਲ ਵਿੱਚ ਮਨਾਉਣ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਅੰਤ ਵਿੱਚ ਉਨ੍ਹਾਂ ਅਧਿਕਾਰੀਆਂ ਤੇ ਪ੍ਰਬੰਧਕ ਕਮੇਟੀਆਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਦਿਆਂ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਨਿਗਮ ਕਮਿਸ਼ਨਰ ਰਣਦੀਪ ਸਿੰਘ ਹੀਰ, ਮੇਅਰ ਰਾਮਪਾਲ ਉਪਲ, ਜ਼ਿਲ੍ਹਾ ਪ੍ਰਧਾਨ ਦਲਜੀਤ ਰਾਜੂ, ਵਰੁਣ ਬੰਗੜ, ਬਲਵੀਰ ਠਾਕੁਰ, ਯੂਥ ਹਿੰਦੂ ਵੈੱਲਫੇਅਰ ਅੇਸੋਸੀਏਸ਼ਨ ਫਗਵਾੜਾ ਦੇ ਚੇਅਰਮੈਨ ਰਵਿੰਦਰ ਗੁਪਤਾ, ਸਮਰ ਗੁਪਤਾ ਆਦਿ ਹਾਜ਼ਰ ਸਨ।