ਅਰਬਨ ਅਸਟੇਟ ਦਾ ਸੈਕੰਡਰੀ ਕੂੜਾ ਪੁਆਇੰਟ ਪੱਕੇ ਤੌਰ 'ਤੇ ਬੰਦ : ਡਾ. ਰਾਜ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਅਰਬਨ ਅਸਟੇਟ ਦੇ ਸੈਕੰਡਰੀ ਕੂੜਾ ਪੁਆਇੰਟ ਨੂੰ ਪੱਕੇ ਤੌਰ 'ਤੇ ਬੰਦ ਕਰਨ ਦਾ ਐਲਾਨ
Publish Date: Fri, 18 Sep 2026 06:45 PM (IST)
Updated Date: Fri, 18 Sep 2026 06:47 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਸਰਕਾਰ ਦੇ ਮਿਸ਼ਨ ਕਲੀਨ ਪੰਜਾਬ ਨੂੰ ਹੋਰ ਹੁਲਾਰਾ ਦਿੰਦਿਆਂ, ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਵਸਨੀਕਾਂ ਨੂੰ ਸਾਫ਼-ਸੁਥਰਾ ਤੇ ਸਿਹਤਮੰਦ ਆਲਾ-ਦੁਆਲਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਫਗਵਾੜਾ ਦੇ ਅਰਬਨ ਅਸਟੇਟ ਵਿਖੇ ਬਣੇ ਸੈਕੰਡਰੀ ਕੂੜਾ ਕਲੈਕਸ਼ਨ ਪੁਆਇੰਟ ਨੂੰ ਪੱਕੇ ਤੌਰ ਤੇ ਬੰਦ ਕਰਨ ਦਾ ਐਲਾਨ ਕੀਤਾ। ਇਸ ਮੌਕੇ ਮੇਅਰ ਰਾਮਪਾਲ ਉੱਪਲ, ਨਗਰ ਨਿਗਮ ਕਮਿਸ਼ਨਰ ਰਣਦੀਪ ਸਿੰਘ ਹੀਰ ਤੇ ਨਗਰ ਨਿਗਮ ਫਗਵਾੜਾ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਸੈਕੰਡਰੀ ਕੂੜਾ ਪੁਆਇੰਟ ਦੇ ਬੰਦ ਹੋਣ ਨਾਲ ਹੁਣ ਇਸ ਥਾਂ ਤੇ ਕੋਈ ਵੀ ਕੂੜਾ ਨਹੀਂ ਸੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦਾ ਮਕਸਦ ਵਸਨੀਕਾਂ ਲਈ ਪ੍ਰੇਸ਼ਾਨੀ ਦੇ ਮੌਜੂਦਾ ਕਾਰਨ ਨੂੰ ਖਤਮ ਕਰਨਾ ਤੇ ਅਰਬਨ ਅਸਟੇਟ ਖੇਤਰ ਵਿੱਚ ਸਾਫ਼-ਸਫਾਈ ਨੂੰ ਹੋਰ ਬਿਹਤਰ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਵਾਲੀਆਂ ਤਿੰਨ ਗੱਡੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਘਰਾਂ ਵਿੱਚੋਂ ਨਿਕਲਣ ਵਾਲਾ ਕੂੜਾ ਨਿਯਮਤ ਤੌਰ ਤੇ ਇਕੱਠਾ ਕੀਤਾ ਜਾਵੇ ਤੇ ਢੁਕਵੇਂ ਕੂੜਾ ਪ੍ਰਬੰਧਨ ਸਿਸਟਮ ਰਾਹੀਂ ਇਸਦੀ ਢੋਆ-ਢੁਆਈ ਕੀਤੀ ਜਾ ਸਕੇ। ਡਾ. ਚੱਬੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਸਾਫ਼-ਸਫ਼ਾਈ, ਸੈਨੀਟੇਸ਼ਨ ਤੇ ਬਿਹਤਰ ਨਾਗਰਿਕ ਸਹੂਲਤਾਂ ਨੂੰ ਪਹਿਲ ਦੇ ਰਹੀ ਹੈ ਤੇ ਜ਼ਮੀਨੀ ਪੱਧਰ ਤੇ ਸਫਾਈ ਵਿੱਚ ਸੁਧਾਰ ਲਿਆਉਣ ਦੇ ਮੁੱਖ ਮਕਸਦ ਨਾਲ ਹੀ ਮਿਸ਼ਨ ਕਲੀਨ ਪੰਜਾਬ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਫ਼ ਤੇ ਸਿਹਤਮੰਦ ਸ਼ਹਿਰੀ ਮਾਹੌਲ ਸਿਰਜਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੂੜਾ ਇਕੱਠਾ ਕਰਨਾ ਤੇ ਠੋਸ ਰਹਿੰਦ-ਖੂੰਹਦ ਦਾ ਵਿਗਿਆਨਕ ਪ੍ਰਬੰਧਨ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਘਰੇਲੂ ਕੂੜਾ ਸਿਰਫ਼ ਘਰ-ਘਰ ਆਉਣ ਵਾਲੀਆਂ ਕੂੜੇ ਵਾਲੀਆਂ ਗੱਡੀਆਂ ਨੂੰ ਹੀ ਸੌਂਪਣ ਤੇ ਜਨਤਕ ਥਾਵਾਂ ਤੇ ਕੂੜਾ ਸੁੱਟਣ ਤੋਂ ਗੁਰੇਜ਼ ਕਰਕੇ ਨਗਰ ਨਿਗਮ ਨੂੰ ਆਪਣਾ ਸਹਿਯੋਗ ਦੇਣ।