ਡਾ. ਚੱਬੇਵਾਲ ਨੇ ਜੇਸੀਬੀ ਚਲਾ ਕੇ ਕੀਤੀ ਸਫ਼ਾਈ ਐਮ.ਪੀ. ਡਾ. ਰਾਜ ਕੁਮਾਰ ਚੱਬੇਵਾਲ ਨੇ ਜੇ.ਸੀ.ਬੀ. ਚਲਾ ਕੇ ਫਗਵਾੜਾ ਵਿੱਚ ਸਾਫ-ਸਫ਼ਾਈ ਮੁਹਿੰਮ ਦੌਰਾਨ ਸਫ਼ਾਈ ਕਰਮਚਾਰੀਆਂ ਨਾਲ ਮਿਲ ਕੇ ਕੀਤਾ ਕੰਮ
Publish Date: Thu, 03 Sep 2026 08:10 PM (IST)
Updated Date: Thu, 03 Sep 2026 08:13 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਖੁਦ ਜੇਸੀਬੀ ਚਲਾ ਕੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਸ਼ਹਿਰ ਵਿੱਚ ਚਲਾਈ ਗਈ ਵਿਆਪਕ ਸਫ਼ਾਈ ਮੁਹਿੰਮ ਦੌਰਾਨ ਸਫ਼ਾਈ ਕਰਮਚਾਰੀਆਂ ਨਾਲ ਮਿਲ ਕੇ ਕੰਮ ਕੀਤਾ। ਡਾ. ਚੱਬੇਵਾਲ ਨੇ ਪਲਾਹੀ ਰੋਡ ਤੇ ਨੇੜਲੇ ਇਲਾਕਿਆਂ ਵਿੱਚ ਇਕੱਠੇ ਹੋਏ ਕੂੜੇ ਨੂੰ ਹਟਾਉਣ ਵਿੱਚ ਭਾਗ ਲਿਆ ਤੇ ਕੂੜੇ ਨੂੰ ਚੁੱਕ ਕੇ ਇਸ ਦੇ ਸਹੀ ਨਿਪਟਾਰੇ ਲਈ ਢੁਕਵੀਂ ਥਾਂ ’ਤੇ ਪਹੁੰਚਾਉਣ ਦੀ ਪ੍ਰਕਿਰfਆ ਦੀ ਵੀ ਨਿਗਰਾਨੀ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਤੋਂ ਗੁਰੇਜ਼ ਕਰਨ ਤੇ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਨੂੰ ਹੋਰ ਸਾਫ਼-ਸੁਥਰਾ, ਹਰਿਆ-ਭਰਿਆ ਤੇ ਸਿਹਤਮੰਦ ਬਣਾਉਣ ਲਈ ਸਫ਼ਾਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਲੋੜੀਂਦੇ ਮਨੁੱਖੀ ਸਰੋਤਾਂ ਤੇ ਮਸ਼ੀਨਰੀ ਦੀ ਤਾਇਨਾਤੀ ਕਰਨ ਤੇ ਨਿਯਮਤ ਸਫ਼ਾਈ ਮੁਹਿੰਮਾਂ ਚਲਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਮੁਹਿੰਮਾਂ ਤਾਂ ਹੀ ਲੰਬੇ ਸਮੇਂ ਦੇ ਨਤੀਜੇ ਦੇ ਸਕਦੀਆਂ ਹਨ ਜੇਕਰ ਲੋਕ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ ਵਿੱਚ ਸਰਗਰਮ ਭੂਮਿਕਾ ਨਿਭਾਉਣ। ਉਨ੍ਹਾਂ ਲੋਕਾਂ ਨੂੰ ਕੂੜੇ ਦਾ ਜ਼ਿੰਮੇਵਾਰੀ ਨਾਲ ਨਿਪਟਾਰਾ ਕਰਨ ਤੇ ਪ੍ਰਸ਼ਾਸਨ ਨਾਲ ਮਿਲ ਕੇ ਸਾਫ਼-ਸੁਥਰਾ, ਹਰਿਆ-ਭਰਿਆ ਤੇ ਸਿਹਤਮੰਦ ਫਗਵਾੜਾ ਬਣਾਉਣ ਲਈ ਹੱਥ ਮਿਲਾਉਣ ਦੀ ਅਪੀਲ ਕੀਤੀ।