ਡਾ. ਚੱਬੇਵਾਲ ਨੇ ਫਗਵਾੜਾ ’ਚ ਸ਼ੁਰੂ ਕੀਤਾ 10 ਦਿਨਾ 'ਸਵੱਛਤਾ ਅਭਿਆਨ' ਐਮ.ਪੀ. ਡਾ. ਰਾਜ ਕੁਮਾਰ ਚੱਬੇਵਾਲ ਨੇ ਫਗਵਾੜਾ ਵਿੱਚ 10 ਦਿਨਾਂ ਦਾ ਵਿਸ਼ੇਸ਼ 'ਸਵੱਛਤਾ ਅਭਿਆਨ' ਕੀਤਾ ਸ਼ੁਰੂ
Publish Date: Sat, 29 Aug 2026 07:06 PM (IST)
Updated Date: Sat, 29 Aug 2026 07:07 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਫਗਵਾੜਾ ਵਿੱਚ ਸਾਫ਼-ਸਫ਼ਾਈ ਦੀ ਮੁਹਿੰਮ ਚਲਾ ਕੇ 10 ਦਿਨਾਂ ਦੇ ਵਿਸ਼ੇਸ਼ ਸਵੱਛਤਾ ਅਭਿਆਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਸਾਰਿਆਂ ਨੂੰ ਮਿਲ ਕੇ ਸ਼ਹਿਰ ਨੂੰ ਸਾਫ਼-ਸੁਥਰਾ ਤੇ ਅਰੋਗ ਬਣਾਉਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਇਹ ਅਭਿਆਨ ਅੱਜ ਤੋਂ 8 ਸਤੰਬਰ ਤੱਕ ਚਲਾਇਆ ਜਾਵੇਗਾ। ਇਸ ਦਾ ਮੁੱਖ ਮਕਸਦ ਕੂੜੇ ਦੇ ਪੁਰਾਣੇ ਪੁਆਇੰਟਾਂ, ਕੂੜੇ ਦੇ ਢੇਰਾਂ, ਖੁੱਲ੍ਹੇ ਵਿੱਚ ਸੁੱਟੇ ਕੂੜੇ ਤੇ ਸਫ਼ਾਈ ਪੱਖੋਂ ਖ਼ਰਾਬ ਥਾਵਾਂ ਦੀ ਪੂਰੀ ਤਰ੍ਹਾਂ ਸਫ਼ਾਈ ਕਰਨਾ ਹੈ। ਡਾ. ਚੱਬੇਵਾਲ ਨੇ ਮੇਅਰ ਰਾਮਪਾਲ ਉੱਪਲ, ਨਗਰ ਨਿਗਮ ਕਮਿਸ਼ਨਰ ਰਣਦੀਪ ਸਿੰਘ ਹੀਰ ਤੇ ਹੋਰ ਅਧਿਕਾਰੀਆਂ ਨਾਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਜਾ ਕੇ ਸਫ਼ਾਈ ਕੀਤੀ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਸਿਰਫ਼ ਕੂੜਾ ਚੁੱਕਣਾ ਹੀ ਨਹੀਂ, ਸਗੋਂ ਸਾਫ਼ ਕੀਤੀਆਂ ਥਾਵਾਂ ਤੇ ਦੁਬਾਰਾ ਕੂੜਾ ਡੰਪ ਹੋਣ ਤੋਂ ਰੋਕਣਾ ਹੈ। ਉਨ੍ਹਾਂ ਦੱਸਿਆ ਕਿ ਸਫ਼ਾਈ ਟੀਮਾਂ, ਲੋੜੀਂਦੇ ਕਰਮਚਾਰੀਆਂ, ਮਸ਼ੀਨਰੀ ਤੇ ਵਾਹਨਾਂ ਨੂੰ ਇਸ ਕੰਮ ਲਈ ਤਾਇਨਾਤ ਕਰ ਦਿੱਤਾ ਗਿਆ ਹੈ। ਸੰਸਦ ਮੈਂਬਰ ਨੇ ਕਿਹਾ ਕਿ ਇਸ ਅਭਿਆਨ ਦੌਰਾਨ ਲੋਕਾਂ ਦੀਆਂ ਸਫ਼ਾਈ ਨਾਲ ਜੁੜੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇਗਾ। ਇਸ ਵਿੱਚ ਆਮ ਲੋਕਾਂ, ਐੱਨਜੀਓਜ਼, ਮਾਰਕਿਟ ਕਮੇਟੀਆਂ, ਸਕੂਲਾਂ-ਕਾਲਜਾਂ ਤੇ ਯੂਥ ਕਲੱਬਾਂ ਦੀ ਭਾਗੀਦਾਰੀ ਵੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ ਤੇ ਪ੍ਰਸ਼ਾਸਨ ਦਾ ਸਾਥ ਦੇਣ। ਡਾ. ਚੱਬੇਵਾਲ ਨੇ ਸਾਫ਼ ਕੀਤਾ ਕਿ ਫਗਵਾੜਾ ਵਿੱਚ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਿਗਰਾਨੀ ਰੱਖੀ ਜਾਵੇਗੀ ਤੇ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।