ਡਾ. ਰਾਜ ਨੇ ਏਡੀਆਈਪੀ ਕੈਂਪ ਦਾ ਕੀਤਾ ਉਦਘਾਟਨ ਐਮ.ਪੀ. ਡਾ. ਰਾਜ ਕੁਮਾਰ ਚੱਬੇਵਾਲ ਨੇ ਫਗਵਾੜਾ ਵਿਖੇ ਏ.ਡੀ.ਆਈ.ਪੀ. ਕੈਂਪ ਦਾ ਕੀਤਾ ਉਦਘਾਟਨ
Publish Date: Fri, 07 Aug 2026 07:39 PM (IST)
Updated Date: Fri, 07 Aug 2026 07:41 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਸ਼ੁੱਕਰਵਾਰ ਨੂੰ ਫਗਵਾੜਾ ਵਿਖੇ ਦਿਵਿਆਂਗ ਵਿਅਕਤੀਆਂ ਨੂੰ ਸਹਾਇਕ ਅੰਗ ਤੇ ਉਪਕਰਣ ਖਰੀਦਣ/ਫਿੱਟ ਕਰਨ ਲਈ ਕੈਂਪ ਦਾ ਉਦਘਾਟਨ ਕੀਤਾ। 3 ਅਗਸਤ ਤੋਂ 7 ਅਗਸਤ ਤੱਕ ਜ਼ਿਲ੍ਹੇ ਭਰ ਵਿੱਚ ਲਗਾਏ ਗਏ ਪੰਜ ਮੁਲਾਂਕਣ ਕੈਂਪਾਂ ਦੇ ਸਫਲ ਆਯੋਜਨ ਦੀ ਸ਼ਲਾਘਾ ਕਰਦਿਆਂ ਡਾ. ਚੱਬੇਵਾਲ ਨੇ ਕਿਹਾ ਕਿ ਇਹ ਕੈਂਪ ਦਿਵਿਆਂਗ ਵਿਅਕਤੀਆਂ ਤੇ ਸੀਨੀਅਰ ਨਾਗਰਿਕਾਂ ਦੀ ਭਲਾਈ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਹਰ ਯੋਗ ਲਾਭਪਾਤਰੀ ਨੂੰ ਮੁਫ਼ਤ ਗੁਣਵੱਤਾ ਵਾਲੇ ਸਹਾਇਕ ਉਪਕਰਨ ਮਿਲਣ ਤਾਂ ਜੋ ਉਹ ਆਜ਼ਾਦ, ਸਨਮਾਨਜਨਕ ਤੇ ਆਤਮ-ਨਿਰਭਰ ਜੀਵਨ ਜੀ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਲਾਈ ਸਕੀਮਾਂ ਤੇ ਸੇਵਾਵਾਂ ਰਾਹੀਂ ਦਿਵਿਆਂਗ ਵਿਅਕਤੀਆਂ ਦੇ ਸ਼ਕਤੀਕਰਨ ਤੇ ਸਮਾਜਿਕ ਸ਼ਮੂਲੀਅਤ ਨੂੰ ਵਿਸ਼ੇਸ਼ ਪਹਿਲ ਦੇ ਰਹੀ ਹੈ। ਉਨ੍ਹਾਂ ਕਿਹਾ,‘ਜਾਗਰੂਕਤਾ ਜਾਂ ਸਾਧਨਾਂ ਦੀ ਘਾਟ ਕਾਰਨ ਕੋਈ ਵੀ ਯੋਗ ਲਾਭਪਾਤਰੀ ਸਰਕਾਰੀ ਸਹਾਇਤਾ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਅਜਿਹੀਆਂ ਪਹਿਲਕਦਮੀਆਂ ਉਨ੍ਹਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਤੇ ਸਮਾਨ ਅਵਸਰ ਯਕੀਨੀ ਬਣਾਉਣ ਵਿੱਚ ਮਦਦ ਕਰਦੀਆਂ ਹਨ।’ ਡਾ. ਚੱਬੇਵਾਲ ਨੇ ਦੱਸਿਆ ਕਿ ਪੰਜਾਬ ਦੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਦੇ ਸਹਿਯੋਗ ਨਾਲ ਲਗਾਏ ਗਏ ਕੈਂਪਾਂ ਦੌਰਾਨ 189 ਦਿਵਿਆਂਗ ਵਿਅਕਤੀਆਂ ਤੇ ਸੀਨੀਅਰ ਨਾਗਰਿਕਾਂ ਦੀ ਵੱਖ-ਵੱਖ ਸਹਾਇਕ ਉਪਕਰਨਾਂ ਲਈ ਜਾਂਚ ਕੀਤੀ ਗਈ। ਇਹ ਕੈਂਪ 3 ਅਗਸਤ ਤੋਂ 7 ਅਗਸਤ ਤੱਕ ਕਪੂਰਥਲਾ, ਸੁਲਤਾਨਪੁਰ ਲੋਧੀ, ਢਿਲਵਾਂ, ਨਡਾਲਾ ਅਤੇ ਫਗਵਾੜਾ ਵਿਖੇ ਲਗਾਏ ਗਏ ਸਨ। ਉਨ੍ਹਾਂ ਦੱਸਿਆ ਕਿ ਮਾਹਿਰਾਂ ਦੁਆਰਾ ਮੁਲਾਂਕਣ ਤੋਂ ਬਾਅਦ, ਯੋਗ ਲਾਭਪਾਤਰੀਆਂ ਵਿੱਚ ਵੰਡਣ ਲਈ 38.47 ਲੱਖ ਰੁਪਏ ਦੇ ਸਹਾਇਕ ਉਪਕਰਣ ਮਨਜ਼ੂਰ ਕੀਤੇ ਗਏ ਹਨ। ਮਨਜ਼ੂਰ ਕੀਤੇ ਗਏ ਸਹਾਇਕ ਉਪਕਰਨਾਂ ਵਿੱਚ ਸੁਣਨ ਵਾਲੇ ਯੰਤਰ, ਵ੍ਹੀਲਚੇਅਰਾਂ, ਬੈਟਰੀ ਨਾਲ ਚੱਲਣ ਵਾਲੀਆਂ ਵ੍ਹੀਲਚੇਅਰਾਂ, ਪ੍ਰੋਸਥੇਸਿਸ (ਨਕਲੀ ਅੰਗ), ਚੱਲਣ ਵਾਲੀਆਂ ਛੜੀਆਂ ਤੇ ਵੱਖ-ਵੱਖ ਲੋੜਾਂ ਅਨੁਸਾਰ ਹੋਰ ਮੁੜ ਵਸੇਬਾ ਉਪਕਰਣ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਦਿਵਿਆਂਗ ਲੋਕ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਤੇ ਰਾਜ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ ਤੇ ਅਜਿਹੇ ਨੇਕ ਕਾਰਜ ਲਈ ਉਨ੍ਹਾਂ ਦੇ ਦਰਵਾਜ਼ੇ 24 ਘੰਟੇ ਖੁੱਲ੍ਹੇ ਹਨ।