ਡਾ. ਚੱਬੇਵਾਲ ਨੇ ਸਫ਼ਾਈ ਮੁਹਿੰਮ ਦੀ ਕੀਤੀ ਅਗਵਾਈ ਐਮਪੀ ਡਾ. ਰਾਜ ਕੁਮਾਰ ਚੱਬੇਵਾਲ ਨੇ ਟਰੈਕਟਰ ਚਲਾ ਕੇ ਫਗਵਾੜਾ 'ਚ ਚਲਾਈ ਸਫ਼ਾਈ ਮੁਹਿੰਮ
Publish Date: Tue, 01 Sep 2026 07:19 PM (IST)
Updated Date: Tue, 01 Sep 2026 07:22 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਖੁਦ ਆਪ ਟਰੈਕਟਰ ਚਲਾ ਕੇ ਮਿਸ਼ਨ ਕਲੀਨ ਪੰਜਾਬ ਤਹਿਤ ਫਗਵਾੜਾ ਵਿਖੇ ਸਫ਼ਾਈ ਸੇਵਕਾਂ ਨਾਲ ਮਿਲ ਕੇ ਸਾਫ-ਸਫ਼ਾਈ ਮੁਹਿੰਮ ਵਿੱਚ ਭਾਗ ਲਿਆ। ਡਾ. ਚੱਬੇਵਾਲ ਨੇ ਕੋਟ ਰਾਣੀ ਮਹੱਲਾ, ਸੈਂਟਰਲ ਟਾਊਨ ਤੇ ਰਾਜਾ ਗਾਰਡਨ ਮੁੱਖ ਰੋਡ ਤੋਂ ਕੂੜਾ ਚੁੱਕਣ ਵਿੱਚ ਮਦਦ ਕੀਤੀ ਤੇ ਇਹ ਵੀ ਯਕੀਨੀ ਬਣਾਇਆ ਕਿ ਕੂੜੇ ਨੂੰ ਸਹੀ ਢੰਗ ਨਾਲ ਨਿਪਟਾਉਣ ਲਈ ਚੁੱਕ ਕੇ ਲਿਜਾਇਆ ਜਾਵੇ। ਸਫ਼ਾਈ ਨੂੰ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਦੱਸਦਿਆਂ ਡਾ. ਚੱਬੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ ਤੇ ਕੂੜਾ ਨਾ ਸੁੱਟਣ ਤੇ ਮਿਸ਼ਨ ਕਲੀਨ ਪੰਜਾਬ ਵਿੱਚ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ,‘ਸਫ਼ਾਈ ਇਕੱਲੀ ਸਰਕਾਰ ਨਹੀਂ ਕਰ ਸਕਦੀ, ਸਗੋ ਹਰ ਨਾਗਰਿਕ ਨੂੰ ਆਪਣੇ ਗਲੀ-ਮੁਹੱਲੇ, ਪਾਰਕਾਂ ਤੇ ਜਨਤਕ ਥਾਵਾਂ ਨੂੰ ਸਾਫ਼ ਸੁਥਰਾ ਰੱਖਣ ਵਿੱਚ ਭਾਗੀਦਾਰ ਬਣਨਾ ਪਵੇਗਾ। ਸਫ਼ਾਈ ਨੂੰ ਸਿਰਫ਼ ਇਕ ਮੁਹਿੰਮ ਨਹੀਂ, ਸਗੋਂ ਆਪਣੀ ਰੋਜ਼ਾਨਾ ਦੀ ਆਦਤ ਬਣਾਉਣਾ ਪਵੇਗਾ।’ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਨੂੰ ਸਾਫ਼, ਹਰੇ-ਭਰੇ ਤੇ ਸਿਹਤਮੰਦ ਬਣਾਉਣ ਲਈ ਲਗਾਤਾਰ ਜਤਨ ਕਰ ਰਹੀ ਹੈ। ਇਸ ਲਈ ਸਫ਼ਾਈ ਦੇ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਪੂਰੇ ਬੰਦੇ ਤੇ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ ਤੇ ਸਫ਼ਾਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਮੁਹਿੰਮਾਂ ਦਾ ਫ਼ਾਇਦਾ ਉਦੋਂ ਹੀ ਹੋਵੇਗਾ ਜਦੋਂ ਲੋਕ ਆਪ ਆਲੇ-ਦੁਆਲੇ ਨੂੰ ਸਾਫ਼ ਰੱਖਣ ਵਿੱਚ ਮਦਦ ਕਰਨਗੇ। 10 ਦਿਨਾਂ ਦੀ ਵਿਸ਼ੇਸ਼ ਮਿਸ਼ਨ ਕਲੀਨ ਪੰਜਾਬ ਮੁਹਿੰਮ ਦੌਰਾਨ ਸ਼ਹਿਰ ਦੀਆਂ ਉਨ੍ਹਾਂ ਥਾਵਾਂ ਤੇ ਖ਼ਾਸ ਧਿਆਨ ਦਿੱਤਾ ਦਾ ਰਿਹਾ ਹੈ, ਜਿੱਥੇ ਜ਼ਿਆਦਾ ਕੂੜਾ ਜਮ੍ਹਾਂ ਹੁੰਦਾ ਸੀ। ਉੱਥੇ ਸਫ਼ਾਈ ਸੇਵਕਾਂ ਤੇ ਮਸ਼ੀਨਾਂ ਦੀ ਮਦਦ ਨਾਲ ਕੂੜਾ ਚੁੱਕਿਆ ਗਿਆ ਤੇ ਸ਼ਹਿਰ ਦੀ ਸਾਫ-ਸਫ਼ਾਈ ਵਿਵਸਥਾ ਨੂੰ ਹੋਰ ਸੁਧਾਰਿਆ ਜਾ ਰਿਹਾ ਹੈ।