ਪੀਰ ਨਿਗਾਹੇ ਤੋਂ ਪਰਤ ਰਹੀ ਬਾਈਕ ਰੇਹੜੀ ਹਾਦਸੇ ਦਾ ਸ਼ਿਕਾਰ, 2 ਦੀ ਮੌਤ ਦਾਦੀ ਤੇ ਤਿੰਨ ਸਾਲਾ ਪੋਤਰੇ ਦੀ ਮੌਤ, ਛੇ ਜ਼ਖ਼ਮੀ
Publish Date: Sun, 11 Oct 2026 09:32 PM (IST)
Updated Date: Sun, 11 Oct 2026 09:32 PM (IST)
ਮ੍ਰਿਤਕਾਂ ’ਚ ਦਾਦੀ ਤੇ ਤਿੰਨ ਸਾਲਾ ਪੋਤਰਾ ਸ਼ਾਮਲ, ਛੇ ਜ਼ਖ਼ਮੀ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਪੀਰ ਨਿਗਾਹੇ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਭੁਲੱਥ ਦਾ ਇੱਕ ਪਰਿਵਾਰ ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਪਰਿਵਾਰ ਦੀ ਇੱਕ ਬਜ਼ੁਰਗ ਔਰਤ ਤੇ ਉਸ ਦੇ ਤਿੰਨ ਸਾਲਾ ਪੋਤਰੇ ਦੀ ਮੌਤ ਹੋ ਗਈ, ਜਦਕਿ ਛੇ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭੁਲੱਥ ਦਾ ਰਹਿਣ ਵਾਲਾ ਲਾਡੀ ਨਾਮਕ ਵਿਅਕਤੀ ਆਪਣੀ ਮਾਤਾ, ਪਤਨੀ ਤੇ ਪੰਜ ਬੱਚਿਆਂ ਸਮੇਤ ਬਾਈਕ ਰੇਹੜੀ ’ਤੇ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਪ੍ਰਸਿੱਧ ਧਾਰਮਿਕ ਅਸਥਾਨ ਪੀਰ ਨਿਗਾਹੇ ਵਿਖੇ ਮੱਥਾ ਟੇਕਣ ਲਈ ਗਿਆ ਸੀ। ਧਾਰਮਿਕ ਸਥਾਨ ’ਤੇ ਮੱਥਾ ਟੇਕਣ ਉਪਰੰਤ ਜਦੋਂ ਪਰਿਵਾਰ ਆਪਣੇ ਘਰ ਵਾਪਸ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਉਨ੍ਹਾਂ ਦਾ ਵਾਹਨ ਕੋਈ ਨੁਕਸ ਪੈ ਜਾਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਇੰਨਾ ਦਰਦਨਾਕ ਸੀ ਕਿ ਇਸ ਵਿੱਚ ਲਾਡੀ ਦੀ ਮਾਤਾ ਜਿਲੋ ਕੁਮਾਰੀ (65 ਸਾਲ) ਤੇ ਉਸ ਦੇ ਤਿੰਨ ਸਾਲਾ ਪੁੱਤਰ ਅਖਿਲ (3 ਸਾਲ) ਦੀ ਜਾਨ ਚਲੀ ਗਈ। ਜ਼ਖਮੀਆਂ ਦੀ ਪਛਾਣ 32 ਸਾਲਾ ਲਾਡੀ, ਉਸ ਦੀ 30 ਸਾਲਾ ਪਤਨੀ ਹੀਨਾ ਤੇ ਉਸਦੇ ਬੱਚਿਆਂ ਅਬੇ (10 ਸਾਲ), ਲਕਸ਼ੇ (9 ਸਾਲ), ਆਰਵ (ਤਿੰਨ ਸਾਲ) ਤੇ ਅਰੁਣ (ਦੋ ਸਾਲ) ਦੱਸੀ ਗਈ ਹੈ। ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ।