ਕਮਲਾ ਨਹਿਰੂ ਕਾਲਜ ’ਚ ਨੈਤਿਕ ਸਿੱਖਿਆ ਦੀ ਪ੍ਰੀਖਿਆ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਮਲਾ ਨਹਿਰੂ ਕਾਲਜ ਵਿਖੇ ਨੈਤਿਕ ਸਿੱਖਿਆ ਇਮਤਿਹਾਨ ਦਾ ਆਯੋਜਨ।
Publish Date: Tue, 27 Oct 2026 06:31 PM (IST)
Updated Date: Tue, 27 Oct 2026 06:34 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਕਮਲਾ ਨਹਿਰੂ ਕਾਲਜ ਵਿਖੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜ਼ਿਲਾ ਕਪੂਰਥਲਾ ਵੱਲੋਂ ਨੈਤਿਕ ਸਿੱਖਿਆ ਇਮਤਿਹਾਨ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਇਮਤਿਹਾਨ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ, ਅਨੁਸ਼ਾਸਨ ਤੇ ਚੰਗੇ ਸੰਸਕਾਰਾਂ ਦਾ ਸੰਚਾਰ ਕਰਨਾ ਸੀ। ਇਸ ਇਮਤਿਹਾਨ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਤੋਂ ਲਗਭਗ 50 ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਪੇਪਰ ਦੀ ਸ਼ੁਰੂਆਤ ਨਿਯਮਾਂ ਅਨੁਸਾਰ ਡਾ. ਕਾਮਿਨੀ ਸਹਿਗਲ ਤੇ ਸਮੂਹ ਪੰਜਾਬੀ ਵਿਭਾਗ ਦੀ ਦੇਖ-ਰੇਖ ਹੇਠ ਹੋਈ। ਵਿਦਿਆਰਥੀਆਂ ਨੇ ਨੈਤਿਕਤਾ ਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਸਬੰਧਤ ਪ੍ਰਸ਼ਨਾਂ ਦੇ ਉੱਤਰ ਬੜੀ ਸੰਜ਼ੀਦਗੀ ਨਾਲ ਦਿੱਤੇ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਕਾਮਿਨੀ ਸਹਿਗਲ ਨੇ ਨੈਤਿਕ ਸਿੱਖਿਆ ਦੀ ਅੱਜ ਦੇ ਯੁੱਗ ਵਿੱਚ ਅਹਿਮੀਅਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਜੀਵਨ ਵਿੱਚ ਨੈਤਿਕ ਸਿੱਖਿਆ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਉਨ੍ਹਾਂ ਨੂੰ ਇੱਕ ਵਧੀਆ ਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਵਿੱਚ ਮਦਦ ਕਰਦੀ ਹੈ। ਇਸ ਦੇ ਨਾਲ ਹੀ ਪ੍ਰਿੰਸੀਪਲ ਮੈਡਮ ਨੇ ਇਹ ਸੁਚੱਜਾ ਉਪਰਾਲਾ ਕਰਨ ਲਈ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਇਮਤਿਹਾਨ ਕਰਵਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਕਾਮਿਨੀ ਸਹਿਗਲ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਗਿਆ।