ਪੈਨਸ਼ਨਰਜ਼ ਐਸੋਸੀਏਸ਼ਨ ਨੇ ਕੀਤੀ ਮਹੀਨਾਵਾਰ ਮੀਟਿੰਗ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਫਗਵਾੜਾ ਦੀ ਹੋਈ ਮਹੀਨਾਵਾਰ ਮੀਟਿੰਗ
Publish Date: Sun, 06 Sep 2026 07:15 PM (IST)
Updated Date: Sun, 06 Sep 2026 07:16 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਪੀਐੱਸਪੀਸੀਐੱਲ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਫਗਵਾੜਾ ਦੀ ਮੀਟਿੰਗ ਬੀਤੇ ਦਿਨ ਸ੍ਰੀ ਗੀਤਾ ਭਵਨ ਮੰਦਰ ਮਾਡਲ ਟਾਊਨ ਫਗਵਾੜਾ ਵਿਖੇ ਹੋਈ, ਜਿਸ ਵਿੱਚ ਸਭ ਤੋਂ ਪਹਿਲਾਂ ਬਲਰਾਮ ਭਨੋਟ ਸੀਐੱਚਡੀ ਰਿਟਾਇਰਡ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਬੁਲਾਰਿਆਂ ਨੇ ਆਪਣੀਆਂ ਜਾਇਜ਼ ਮੰਗਾਂ ਸੰਬਧੀ ਦਸਿਆ ਕਿ ਪੈਨਸ਼ਨਰਾਂ ਦਾ 2.59 ਗੁਣਾਂਕ ਲਾਗੂ ਨਾ ਕਰਨਾ, ਤਨਖਾਹ, ਪੈਨਸ਼ਨ ਦੁਹਰਾਈ ਦੇ ਬਕਾਏ, ਮਾਨ-ਭੱਤੇ ਵਿੱਚ ਦੋਗੁਣਾ ਵਾਧਾ ਕਰਨਾ ਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨਾ ਦੇ ਕੇ ਅਤੇ ਮੈਡੀਕਲ ਕੈਸ਼ ਸਕੀਮ ਆਦਿ ਮੰਗਾਂ ਨਾ ਮੰਨਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਬਹੁਤ ਬੇਇਨਸਾਫੀ ਕੀਤੀ ਹੈ। ਹਾਲੇ ਜਨਵਰੀ 2016 ਤੋਂ ਲਾਗੂ ਹੋਣ ਵਾਲੇ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਰਹਿੰਦਾ ਹਿੱਸਾ ਜਾਰੀ ਨਹੀਂ ਕੀਤਾ ਗਿਆ ਜਦੋਂ ਕਿ ਜਨਵਰੀ 2026 ਤੋਂ ਅਗਲੀ ਤਨਖਾਹ/ਪੈਨਸ਼ਨ ਦੁਹਰਾਈ ਹੋਣੀ ਹੈ। ਇੱਥੇ ਹੀ ਬੱਸ ਨਹੀਂ ਮਾਨਯੋਗ ਹਾਈਕੋਰਟ ਵੱਲੋਂ ਆਪਣੇ 3 ਅਗਸਤ ਦੇ ਫੈਸਲੇ ਵਿਚ ਬਿਲਕੁਲ ਸਾਫ਼ ਕਿਹਾ ਗਿਆ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਬਕਾਇਆ ਡੀਏ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਤਨਖਾਹ ਤੇ ਪੈਨਸ਼ਨ ਦੁਹਰਾਈ ਦੇ ਬਕਾਏ 15 ਅਗਸਤ ਤੱਕ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ ਨੇ ਆਪਣੇ ਫ਼ੈਸਲੇ ਵਿਚ ਸਾਫ ਕਿਹਾ ਸੀ ਕਿ ਮੁਫਤ ਦੀਆਂ ਸਕੀਮਾਂ ਤੇ ਇਸ਼ਤਿਹਾਰ ਉਪਰ ਕੰਟਰੋਲ ਕੀਤਾ ਜਾਵੇ ਤੇ 31 ਅਗਸਤ ਨੂੰ ਸਾਰੀ ਰਿਪੋਰਟ ਹਾਈਕੋਰਟ ਵਿਚ ਪੇਸ਼ ਕੀਤੀ ਜਾਵੇ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਾਨਯੋਗ ਹਾਈਕੋਰਟ ਦੇ ਦਿੱਤੇ ਫੈਸਲੇ ਅਨੁਸਾਰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਤਨਖਾਹ ਦੁਹਰਾਈ ਦੇ ਬਕਾਏ ਦੇ ਦਿੱਤੇ ਗਏ ਹਨ। ਜਸਵੰਤ ਵਸ਼ਿਸ਼ਟ ਵੱਲੋਂ ਪ੍ਰੈੱਸ ਨੂੰ ਮੀਟਿੰਗ ਦੀ ਜਾਣਕਾਰੀ ਦਿੱਤੀ ਗਈ ਤੇ ਪ੍ਰੇਮ ਲਾਲ ਸਰਕਲ ਸਕੱਤਰ ਅਤੇ ਅਵਤਾਰ ਸਿੰਘ ਜਲੰਧਰੋਂ ਉਚੇਚੇ ਤੌਰ ’ਤੇ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਦੌਰਾਨ ਚੁੰਨੀ ਨਾਲ, ਗੰਗਾ ਰਾਮ, ਰਾਜ ਕੁਮਾਰ ਸੰਧੂ, ਸਤਨਾਮ ਦਾਸ ਸੈਣੀ, ਸੀਨੀਅਰ ਮੀਤ ਪ੍ਰਧਾਨ ਸ੍ਰੀ ਧਨੀ ਰਾਮ ਤੇ ਹੰਸ ਰਾਜ ਪ੍ਰਧਾਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।