ਦਰਬਾਰ ਖਵਾਜ਼ਾ ’ਚ ਨਤਮਸਤਕ ਹੋਏ ਵਿਧਾਇਕ ਡਾ. ਇਸ਼ਾਂਕ ਦਰਬਾਰ ਖਵਾਜਾ ਸਾਹਿਬ ਜੀ ਚਹੇੜੂ ਵਿਖੇ ਵਿਧਾਇਕ ਡਾ. ਇਸ਼ਾਂਕ ਚੱਬੇਵਾਲ ਨਤਮਸਤਕ
Publish Date: Tue, 15 Sep 2026 07:02 PM (IST)
Updated Date: Tue, 15 Sep 2026 07:05 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਦਰਬਾਰ ਖਵਾਜ਼ਾ ਸਾਹਿਬ ਜੀ ਚਹੇੜੂ ਵੇਈਂ ਪੁਲ ਹੇਠਾਂ 14, 15 ਤੇ 16 ਸਤੰਬਰ ਨੂੰ ਕਰਵਾਏ ਜਾ ਰਹੇ ਤਿੰਨ ਦਿਨਾਂ ਸਲਾਨਾ ਮੇਲੇ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਰਧਾ ਨਾਲ ਹਾਜ਼ਰੀ ਭਰੀ, ਉੱਥੇ ਦਰਬਾਰ ਦੀ ਗੱਦੀ ਨਸ਼ੀਨ ਬੀਬੀ ਪਿਆਰੀ ਜੀ ਦੀ ਅਗਵਾਈ ਹੇਠ ਆਯੋਜਿਤ ਕੀਤੇ ਗਏ ਸਲਾਨਾ ਮੇਲੇ ਦੌਰਾਨ ਵਿਧਾਇਕ ਡਾ. ਇਸ਼ਾਂਕ ਚੱਬੇਵਾਲ ਵੀ ਉਚੇਚੇ ਤੌਰ ’ਤੇ ਨਤਮਸਤਕ ਹੋਏ। ਉਨ੍ਹਾਂ ਨੇ ਦਰਬਾਰ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਸੰਗਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦਰਬਾਰ ਦੇ ਪ੍ਰਬੰਧਕਾਂ ਵੱਲੋਂ ਵਿਧਾਇਕ ਡਾ. ਇਸ਼ਾਂਕ ਚੱਬੇਵਾਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਨੇ ਸਲਾਨਾ ਮੇਲੇ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਲੋਕਾਂ ਨੂੰ ਆਪਸੀ ਭਾਈਚਾਰੇ, ਸਦਭਾਵਨਾ ਤੇ ਸ਼ਰਧਾ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਤਿੰਨ ਦਿਨ ਚੱਲਣ ਵਾਲੇ ਇਸ ਸਲਾਨਾ ਮੇਲੇ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਇਲਾਵਾ ਦੂਰ-ਦੁਰਾਡੇ ਤੋਂ ਵੀ ਸੰਗਤ ਦਰਬਾਰ ਵਿਖੇ ਪੁੱਜੀ। ਪ੍ਰਬੰਧਕਾਂ ਵੱਲੋਂ ਮੇਲੇ ਦੌਰਾਨ ਸੰਗਤ ਲਈ ਵੱਖ-ਵੱਖ ਸੇਵਾਵਾਂ ਤੇ ਪ੍ਰਬੰਧ ਕੀਤੇ ਗਏ। ਦਰਬਾਰ ਦੀ ਗੱਦੀ ਨਸ਼ੀਨ ਬੀਬੀ ਪਿਆਰੀ ਜੀ ਦੀ ਅਗਵਾਈ ਹੇਠ ਪ੍ਰਬੰਧਕਾਂ ਵੱਲੋਂ ਮੇਲੇ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਤਿੰਨੋਂ ਹੀ ਦਿਨ ਸੰਗਤਾਂ ਨੇ ਦਰਬਾਰ ਵਿਖੇ ਜਗ੍ਹਾ-ਜਗ੍ਹਾ ਲੰਗਰ ਲਗਾਏ ਤੇ ਸਜੀ ਸਟੇਜ ਦੌਰਾਨ ਵੱਖ-ਵੱਖ ਕਲਾਕਾਰਾਂ ਨੇ ਕੱਵਾਲੀਆਂ, ਸੂਫ਼ੀਆਨਾ ਤੇ ਖਵਾਜ਼ਾ ਸਾਹਿਬ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਇਹ ਦਰਬਾਰ ਚਹੇੜੂ ਵੇਈਂ ਪੁਲ ਹੇਠਾਂ ਸਥਿਤ ਹੈ ਤੇ ਪੁਲ ਉੱਪਰੋਂ ਲੰਘਣ ਵਾਲੇ ਲੋਕ ਇੱਥੇ ਹਮੇਸ਼ਾ ਹੀ ਸਿਰ ਝੁਕਾਅ ਕੇ ਜਾਂਦੇ ਹਨ।