ਸ਼ਹਿਰ ਡਲਹੌਜ਼ੀ ਦਾ ਨਾਮ ਬਦਲਿਆ ਜਾਵੇ : ਧਾਲੀਵਾਲ
ਵਿਧਾਇਕ ਧਾਲੀਵਾਲ ਸ਼ਿਮਲਾ ਵਿੱਚ ਮੁੱਖ ਮੰਤਰੀ ਸੁੱਖੂ ਨੂੰ ਮਿਲੇ, ਡਲਹੌਜ਼ੀ ਦਾ ਨਾਮ ਬਦਲਣ ਦੀ ਕੀਤੀ ਮੰਗ
Publish Date: Thu, 02 Apr 2026 07:27 PM (IST)
Updated Date: Thu, 02 Apr 2026 07:31 PM (IST)
ਵਿਧਾਇਕ ਧਾਲੀਵਾਲ ਸ਼ਿਮਲਾ ’ਚ ਮੁੱਖ ਮੰਤਰੀ ਸੁੱਖੂ ਨੂੰ ਮਿਲੇ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸੇਵਾਮੁਕਤ ਆਈਏਐੱਸ ਅਧਿਕਾਰੀ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਬੁੱਧਵਾਰ ਨੂੰ ਸ਼ਿਮਲਾ ਵਿਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਮੁਲਾਕਾਤ ਕੀਤੀ। ਨਿੱਜੀ ਮੁਲਾਕਾਤ ਦੌਰਾਨ, ਧਾਲੀਵਾਲ ਨੇ ਹਿਮਾਚਲ ਪ੍ਰਦੇਸ਼ ਨਾਲ ਲੱਗਦੀ ਪੰਜ ਕਿਲੋਮੀਟਰ ਦੀ ਟੈਕਸ-ਮੁਕਤ ਸਰਹੱਦ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਧਾਲੀਵਾਲ ਨੇ ਮੁੱਖ ਮੰਤਰੀ ਸੁੱਖੂ ਤੋਂ ਡਲਹੌਜ਼ੀ ਸ਼ਹਿਰ ਦਾ ਨਾਮ ਬਦਲਣ ਦੀ ਵੀ ਮੰਗ ਕੀਤੀ, ਜਿਸਦਾ ਨਾਮ ਜ਼ਾਲਮ ਬ੍ਰਿਟਿਸ਼ ਸ਼ਾਸਕ ਲਾਰਡ ਡਲਹੌਜ਼ੀ ਦੇ ਨਾਮ ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡਲਹੌਜ਼ੀ ਦਾ ਨਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਚਾਚਾ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਦੀ ਅਗਵਾਈ ਕੀਤੀ ਤੇ ਪੱਗੜੀ ਸੰਭਾਲ ਜੱਟਾ ਲਹਿਰ ਦੀ ਅਗਵਾਈ ਕਰਨ ਵਾਲੇ ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ ਅਜੀਤ ਸਿੰਘ ਦੇ ਨਾਮ ਤੇ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਅਜੀਤ ਸਿੰਘ ਨੇ ਦੇਸ਼ ਦੀ ਆਜ਼ਾਦੀ ਦੇ ਦਿਨ 15 ਅਗਸਤ 1947 ਨੂੰ ਡਲਹੌਜ਼ੀ ਵਿਚ ਆਖਰੀ ਸਾਹ ਲਿਆ ਸੀ।