ਵਿਧਾਇਕ ਧਾਲੀਵਾਲ ਨੇ ਛੱਠ ਪੂਜਾ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਛੱਠ ਪੂਜਾ ਦੇ ਪ੍ਰਸ਼ਾਸਨਿਕ ਪ੍ਰਬੰਧਾਂ ਦਾ ਲਿਆ ਜਾਇਜਾ
Publish Date: Sat, 14 Nov 2026 08:27 PM (IST)
Updated Date: Sat, 14 Nov 2026 08:30 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਛੱਠ ਪੂਜਾ ਮਹਾਉਤਸਵ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਚਾਚੋਕੀ ਨਹਿਰ, ਅਰਬਨ ਅਸਟੇਟ ਤੇ ਜੇਸੀਟੀ ਮਿਲ ਦੀ ਲੇਬਰ ਕਲੋਨੀ ਦਾ ਦੌਰਾ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਜੇਸੀਟੀ ਮਿਲ ਦੀ ਲੇਬਰ ਕਲੋਨੀ ਵਿੱਚ ਸੈਂਕੜੇ ਪਰਿਵਾਰ ਰਹਿੰਦੇ ਹਨ, ਜੋ ਪੂਰਬੀ ਰਾਜਾਂ ਨਾਲ ਸਬੰਧ ਰੱਖਦੇ ਹਨ ਤੇ ਛੱਠ ਪੂਜਾ ਉਨ੍ਹਾਂ ਦਾ ਪ੍ਰਮੁੱਖ ਤਿਉਹਾਰ ਹੈ। ਇਨ੍ਹਾਂ ਪਰਿਵਾਰਾਂ ਵੱਲੋਂ ਰੋਸ ਪ੍ਰਗਟਾਇਆ ਗਿਆ ਹੈ ਕਿ ਪ੍ਰਸ਼ਾਸਨ ਵੱਲੋਂ ਉੱਥੇ ਬਿਜਲੀ ਤੇ ਪਾਣੀ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਧਾਲੀਵਾਲ ਨੇ ਕਿਹਾ ਕਿ ਪਹਿਲਾਂ ਹੀ ਜੇਸੀਟੀ ਮਿਲ ਦੇ ਬੰਦ ਹੋਣ ਤੇ ਮਜ਼ਦੂਰ ਪਰਿਵਾਰਾਂ ਨੂੰ ਉਨ੍ਹਾਂ ਦੇ ਬਕਾਏ ਨਾ ਮਿਲਣ ਕਾਰਨ ਗਰੀਬ ਲੋਕ ਪ੍ਰੇਸ਼ਾਨ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਤਿਉਹਾਰ ਮਨਾਉਣ ਲਈ ਲੋੜੀਂਦੀਆਂ ਸਹੂਲਤਾਂ ਦੇ ਪੁਖਤਾ ਪ੍ਰਬੰਧ ਨਾ ਕਰਨਾ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਦੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਸੱਤਾਧਿਰ ਦੇ ਕੁਝ ਆਗੂਆਂ ਵੱਲੋਂ ਵੀ ਸਿਆਸੀ ਕਾਰਨਾਂ ਕਰਕੇ ਰੁਕਾਵਟਾਂ ਖੜ੍ਹੀਆਂ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਜੋ ਕਿ ਸਰਾਸਰ ਨਿੰਦਣਯੋਗ ਹੈ। ਤਿਉਹਾਰਾਂ ਦੇ ਮੌਕੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਨਹੀਂ ਹੋਣੀ ਚਾਹੀਦੀ। ਸ਼ਹਿਰ ਦੇ ਹੋਰ ਛੱਠ ਪੂਜਾ ਸਥਾਨਾਂ ਸਬੰਧੀ ਵੀ ਉਨ੍ਹਾਂ ਕਿਹਾ ਕਿ ਮੀਡੀਆ ਵਿੱਚ ਪ੍ਰਬੰਧਾਂ ਨੂੰ ਲੈ ਕੇ ਨੁਕਤਾਚੀਨੀ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਬੇਸ਼ੱਕ ਆਖਰੀ ਸਮੇਂ ਵਿੱਚ ਅੱਧੇ-ਅਧੂਰੇ ਪ੍ਰਬੰਧ ਕੀਤੇ ਗਏ ਹਨ, ਪਰ ਇਹ ਰਵੱਈਆ ਬਿਲਕੁਲ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਪੂਰਬੀ ਰਾਜਾਂ ਤੋਂ ਆ ਕੇ ਇੱਥੇ ਮਿਹਨਤ ਕਰਨ ਵਾਲੇ ਭਾਈਚਾਰੇ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਦੀ ਆਸਥਾ ਤੇ ਸਹੂਲਤਾਂ ਦਾ ਵਿਸ਼ੇਸ਼ ਖਿਆਲ ਰੱਖਣਾ ਸਰਕਾਰ ਤੇ ਪ੍ਰਸ਼ਾਸਨ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ। ਇਸ ਮੌਕੇ ਬਲਾਕ ਫਗਵਾੜਾ ਸ਼ਹਿਰੀ ਕਾਂਗਰਸ ਪ੍ਰਧਾਨ ਨਰੇਸ਼ ਭਾਰਦਵਾਜ, ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ, ਸੁਸ਼ੀਲ ਮੈਨੀ, ਗੁਰਪ੍ਰੀਤ ਕੌਰ ਜੰਡੂ, ਨਰੇਸ਼ ਗੰਗੜ, ਵਿਨੋਦ ਵਰਮਾਨੀ, ਨਰਿੰਦਰ ਸਿੰਘ ਠੇਕੇਦਾਰ, ਮਹਿਲਾ ਕਾਂਗਰਸ ਦੀ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਰਣਜੀਤ ਕੌਰ ਪੀਪਾਰੰਗੀ, ਤ੍ਰਿਪਤਾ ਸ਼ਰਮਾ, ਬਲਜੀਤ ਕੌਰ ਬੁੱਟਰ, ਹੈਪੀ ਡਾਬਰ ਤੋਂ ਇਲਾਵਾ ਇੰਟਕ ਪੰਜਾਬ ਦੇ ਮੀਤ ਪ੍ਰਧਾਨ ਸੁਨੀਲ ਪਾਂਡੇ, ਸੋਹਨ ਸਿੰਘ ਪਰਮਾਰ, ਅਸ਼ੋਕ ਸੰਧੀ, ਵਿਪਨ ਸ਼ਰਮਾ, ਦਰਸ਼ਨ ਸਿੰਘ ਲੰਬੜਦਾਰ, ਭਗਤ ਰਾਮ ਚਾਚੋਕੀ, ਜੋਗਿੰਦਰ ਮਾਨ, ਸ਼ਰਦਾਨੰਦ ਸਿੰਘ, ਜਗਤਾਰ ਸਿੰਘ, ਰੋਹਿਤ ਵਰਮਾ, ਗੁੱਡੂ, ਸੁਰਜੀਤ ਕੁਮਾਰ, ਸੋਨੂੰ ਆਦਿ ਹਾਜ਼ਰ ਸਨ।