ਫਗਵਾੜਾ ’ਚ ਨਹੀਂ ਰੁਕ ਰਹੀ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਫਗਵਾੜਾ ਇਲਾਕੇ ਵਿੱਚ ਨਹੀਂ ਰੁਕ ਰਹੀ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ
Publish Date: Sat, 14 Nov 2026 07:09 PM (IST)
Updated Date: Sat, 14 Nov 2026 07:12 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਇਲਾਕੇ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਲਾਕੇ ਦੇ ਕਈ ਪਿੰਡਾਂ ਅਤੇ ਸ਼ਹਿਰ ਦੇ ਆਸ-ਪਾਸ ਘਰੇਲੂ ਗੈਸ ਸਿਲੰਡਰਾਂ ਦੀ ਕਥਿਤ ਤੌਰ ’ਤੇ ਵਪਾਰਕ ਕੰਮਾਂ ਲਈ ਵਰਤੋਂ ਤੇ ਗੈਸ ਦੀ ਬਲੈਕ ਮਾਰਕੀਟਿੰਗ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਘਰੇਲੂ ਵਰਤੋਂ ਲਈ ਮਿਲਣ ਵਾਲੀ ਗੈਸ ਦੀ ਵਰਤੋਂ ਕਈ ਥਾਵਾਂ ’ਤੇ ਦੁਕਾਨਾਂ, ਢਾਬਿਆਂ, ਹੋਟਲਾਂ ਤੇ ਹੋਰ ਵਪਾਰਕ ਅਦਾਰਿਆਂ ਵਿੱਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਘਰੇਲੂ ਗੈਸ ਸਿਲੰਡਰਾਂ ਵਿੱਚੋਂ ਗੈਸ ਕੱਢ ਕੇ ਹੋਰ ਸਿਲੰਡਰਾਂ ਵਿੱਚ ਭਰਨ ਤੇ ਕਥਿਤ ਤੌਰ ’ਤੇ ਵੱਧ ਕੀਮਤਾਂ ’ਤੇ ਵੇਚਣ ਦੇ ਮਾਮਲੇ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਇਹ ਗਤੀਵਿਧੀਆਂ ਸ਼ਰੇਆਮ ਹੋ ਰਹੀਆਂ ਹਨ ਤਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਨ੍ਹਾਂ ਦੀ ਜਾਣਕਾਰੀ ਕਿਉਂ ਨਹੀਂ ਮਿਲ ਰਹੀ? ਜਾਂ ਫਿਰ ਅਜਿਹੇ ਮਾਮਲਿਆਂ ਵਿਰੁੱਧ ਕਾਰਵਾਈ ਕਰਨ ਵਿੱਚ ਲਾਪਰਵਾਹੀ ਵਰਤੀ ਜਾ ਰਹੀ ਹੈ? ਘਰੇਲੂ ਗੈਸ ਸਿਲੰਡਰਾਂ ਦੀ ਗਲਤ ਵਰਤੋਂ ਨਾ ਸਿਰਫ਼ ਸਰਕਾਰੀ ਨਿਯਮਾਂ ਦੀ ਉਲੰਘਣਾ ਹੈ, ਸਗੋਂ ਗੈਰ-ਸੁਰੱਖਿਅਤ ਢੰਗ ਨਾਲ ਗੈਸ ਦੀ ਵਰਤੋਂ ਤੇ ਟਰਾਂਸਫਰ ਕਰਨ ਕਾਰਨ ਕਿਸੇ ਵੱਡੇ ਹਾਦਸੇ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਲਾਕਾ ਨਿਵਾਸੀਆਂ ਨੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਫਗਵਾੜਾ ਤੇ ਆਸ-ਪਾਸ ਦੇ ਪਿੰਡਾਂ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾਵੇ। ਘਰੇਲੂ ਗੈਸ ਦੀ ਵਪਾਰਕ ਵਰਤੋਂ ਕਰਨ, ਗੈਸ ਦੀ ਗੈਰ-ਕਾਨੂੰਨੀ ਰੀਫਿਲਿੰਗ ਕਰਨ ਤੇ ਬਲੈਕ ਮਾਰਕੀਟਿੰਗ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਇਸ ਗੈਰ-ਕਾਨੂੰਨੀ ਧੰਦੇ ਨੂੰ ਠੱਲ੍ਹ ਪਾਈ ਜਾ ਸਕੇ। ਜ਼ਿਕਰਯੋਗ ਹੈ ਕਿ ਫਗਵਾੜਾ ਦੇ ਮਸ਼ਹੂਰ ਲਾਅ ਗੇਟ ਮਹੇੜੂ ਇਲਾਕੇ ਦੇ ਬਹੁਤ ਸਾਰੇ ਢਾਬੇ ਰੈਸਟੋਰੈਂਟਾਂ ਵਿੱਚ ਘਰੇਲੂ ਗੈਸ ਸੈਲੰਡਰਾਂ ਦੀ ਦੁਰਵਰਤੋ ਹੁੰਦੀ ਆਮ ਹੀ ਨਜ਼ਰ ਆਉਂਦੀ ਹੈ, ਜਿਸ ਬਾਬਤ ਅਸੀਂ ਪਹਿਲਾਂ ਵੀ ਕਈ ਵਾਰ ਖਬਰਾਂ ਪ੍ਰਕਾਸ਼ਿਤ ਕੀਤੀਆਂ ਹਨ, ਪਰ ਸਬੰਧਤ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰਅ ਤੱਕ ਨਹੀਂ ਸਰਕ ਰਹੀ।