ਮਿਸ਼ਨ ਕਲੀਨ ਪੰਜਾਬ : ਫਗਵਾੜਾ ’ਚ ਦੂਜੇ ਦਿਨ ਵੀ ਜਾਰੀ ਰਹੀ ਸਫ਼ਾਈ ਮੁਹਿੰਮ ਮਿਸ਼ਨ ਕਲੀਨ ਪੰਜਾਬ: ਫਗਵਾੜਾ ਵਿੱਚ ਦੂਜੇ ਦਿਨ ਵੀ ਜਾਰੀ ਰਹੀ ਸਫ਼ਾਈ ਮੁਹਿੰਮ
Publish Date: Sun, 30 Aug 2026 07:09 PM (IST)
Updated Date: Sun, 30 Aug 2026 07:10 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮਿਸ਼ਨ ਕਲੀਨ ਪੰਜਾਬ ਤਹਿਤ ਦੂਜੇ ਦਿਨ ਵੀ ਚਲਾਈ ਗਈ ਵਿਸ਼ੇਸ਼ ਸਫ਼ਾਈ ਮੁਹਿੰਮ ਦੌਰਾਨ, ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਅੱਜ ਫਗਵਾੜਾ ਸ਼ਹਿਰ ਦੇ ਵਰਿੰਦਰ ਪਾਰਕ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਸਫ਼ਾਈ ਕੰਮਾਂ ਦੀ ਖ਼ੁਦ ਦੇਖ-ਰੇਖ ਕੀਤੀ। ਇਹ ਸਫ਼ਾਈ ਮੁਹਿੰਮ ਪੰਜਾਬ ਸਰਕਾਰ ਦੀਆਂ ਸ਼ਹਿਰਾਂ ਨੂੰ ਸਾਫ਼-ਸੁਥਰਾ, ਹਰਾ-ਭਰਾ ਤੇ ਸਿਹਤਮੰਦ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਇਸ ਦਾ ਮਕਸਦ ਸਫ਼ਾਈ ਵਿਵਸਥਾ ਨੂੰ ਸੁਧਾਰਨਾ, ਕੂੜੇ ਵਾਲੀਆਂ ਥਾਵਾਂ ਨੂੰ ਖ਼ਤਮ ਕਰਨਾ ਤੇ ਸ਼ਹਿਰੀ ਇਲਾਕਿਆਂ ਵਿੱਚ ਨਗਰ ਨਿਗਮ ਦੀਆਂ ਸੇਵਾਵਾਂ ਨੂੰ ਬਿਹਤਰ ਬਣਾਉਣਾ ਹੈ। ਮੁਹਿੰਮ ਦੌਰਾਨ ਸਫ਼ਾਈ ਸੇਵਕਾਂ ਦੇ ਨਾਲ-ਨਾਲ ਜੇਸੀਬੀ ਤੇ ਟਿੱਪਰਾਂ ਵਰਗੀ ਮਸ਼ੀਨਰੀ ਦੀ ਵਰਤੋਂ ਕੀਤੀ ਗਈ ਤਾਂ ਜੋ ਇਲਾਕੇ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾ ਸਕੇ। ਵੱਖ-ਵੱਖ ਥਾਵਾਂ ਤੇ ਜਮ੍ਹਾਂ ਹੋਏ ਕੂੜੇ ਨੂੰ ਮਸ਼ੀਨਾਂ ਦੀ ਮਦਦ ਨਾਲ ਹਟਾਇਆ ਗਿਆ। ਡਾ. ਰਾਜ ਕੁਮਾਰ ਚੱਬੇਵਾਲ ਕੂੜਾ ਪੂਰੀ ਤਰ੍ਹਾਂ ਚੁੱਕੇ ਜਾਣ ਤੱਕ ਖ਼ੁਦ ਮੌਕੇ ਤੇ ਮੌਜੂਦ ਰਹੇ। ਉਨ੍ਹਾਂ ਨੇ ਫਗਵਾੜਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਲਾਕੇ ਦੀ ਲਗਾਤਾਰ ਦੇਖ-ਰੇਖ ਕੀਤੀ ਜਾਵੇ ਤੇ ਇੱਥੇ ਦੁਬਾਰਾ ਕੂੜਾ ਜਮ੍ਹਾਂ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਸਫ਼ਾਈ ਮੁਹਿੰਮਾਂ ਤੇ ਕੂੜੇ ਦੇ ਨਿਪਟਾਰੇ ਦੇ ਸੁਧਾਰਾਂ ਰਾਹੀਂ ਸ਼ਹਿਰਾਂ ਨੂੰ ਸਾਫ਼ ਤੇ ਹਰਾ-ਭਰਾ ਬਣਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੂੜਾ ਸਹੀ ਥਾਂ ਤੇ ਸੁੱਟ ਕੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਵਿੱਚ ਮਦਦ ਕਰਨ। ਐੱਮਪੀ ਨੇ ਜ਼ੋਰ ਦੇ ਕੇ ਕਿਹਾ ਕਿ ਸਫ਼ਾਈ ਇੱਕ ਲਗਾਤਾਰ ਚੱਲਣ ਵਾਲੀ ਜ਼ਿੰਮੇਵਾਰੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਇਲਾਕੇ ਵਿੱਚ ਰੋਜ਼ਾਨਾ ਸਫ਼ਾਈ ਬਣਾਏ ਰੱਖਣ ਦੇ ਹੁਕਮ ਦਿੱਤੇ ਮਿਸ਼ਨ ਕਲੀਨ ਪੰਜਾਬ ਦੇ ਚੰਗੇ ਨਤੀਜੇ ਲੰਬੇ ਸਮੇਂ ਤੱਕ ਦਿਖਾਈ ਦੇਣ। ਇਸ ਸਫ਼ਾਈ ਮੁਹਿੰਮ ਦੌਰਾਨ ਮੇਅਰ ਰਾਮਪਾਲ ਉੱਪਲ ਤੇ ਫਗਵਾੜਾ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।