ਸਪੈਸ਼ਲ ਟ੍ਰੇਨਾਂ ਨਾ ਚੱਲਣ ਕਾਰਨ ਪ੍ਰਵਾਸੀ ਪ੍ਰੇਸ਼ਾਨ : ਕੁੰਦਨ ਸਿੰਘ ਤਿਉਹਾਰਾਂ ਦੇ ਮੌਕੇ ਬਿਹਾਰ ਲਈ ਸਪੈਸ਼ਲ ਟ੍ਰੇਨਾਂ ਨਾ ਚੱਲਣ ਕਾਰਨ ਪ੍ਰਵਾਸੀ ਲੋਕ ਪ੍ਰੇਸ਼ਾਨ : ਕੁੰਦਨ ਸਿੰਘ
Publish Date: Sat, 07 Nov 2026 07:43 PM (IST)
Updated Date: Sat, 07 Nov 2026 07:44 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਹਰ ਸਾਲ ਦੀਵਾਲੀ ਤੇ ਛੱਠ ਪੂਜਾ ਦੇ ਤਿਉਹਾਰਾਂ ਤੋਂ ਪਹਿਲਾਂ ਪੰਜਾਬ ਤੋਂ ਬਿਹਾਰ ਤੇ ਉੱਤਰ ਪ੍ਰਦੇਸ਼ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਵਿਭਾਗ ਵੱਲੋਂ ਕਈ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਂਦੀਆਂ ਹਨ, ਪਰ ਇਸ ਵਾਰ ਹਾਲੇ ਤੱਕ ਸਪੈਸ਼ਲ ਟ੍ਰੇਨਾਂ ਨਾ ਚਲਾਏ ਜਾਣ ਕਾਰਨ ਆਪਣੇ ਪਰਿਵਾਰਾਂ ਨਾਲ ਤਿਉਹਾਰ ਮਨਾਉਣ ਲਈ ਪਿੰਡਾਂ ਨੂੰ ਜਾਣ ਵਾਲੇ ਪ੍ਰਵਾਸੀ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਯੂਥ ਆਗੂ ਕੁੰਦਨ ਸਿੰਘ ਨੇ ਕਰਦਿਆਂ ਕਿਹਾ ਕਿ ਹਰ ਸਾਲ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਂਦੀਆਂ ਹਨ, ਜਿਸ ਨਾਲ ਪੰਜਾਬ ਤੋਂ ਉੱਤਰ ਪ੍ਰਦੇਸ਼ ਤੇ ਬਿਹਾਰ ਜਾਣ ਵਾਲੇ ਪ੍ਰਵਾਸੀ ਭਰਾਵਾਂ ਨੂੰ ਕਾਫੀ ਰਾਹਤ ਮਿਲਦੀ ਹੈ। ਪਰ ਇਸ ਵਾਰ ਸਪੈਸ਼ਲ ਟ੍ਰੇਨਾਂ ਦੀ ਸਹੂਲਤ ਨਾ ਮਿਲਣ ਕਾਰਨ ਯਾਤਰੀਆਂ ਨੂੰ ਰੇਲ ਗੱਡੀਆਂ ਵਿੱਚ ਸੀਟਾਂ ਦੀ ਘਾਟ ਤੇ ਸਫ਼ਰ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁੰਦਨ ਸਿੰਘ ਨੇ ਕਿਹਾ ਕਿ ਪ੍ਰਵਾਸੀ ਭਰਾ ਪੰਜਾਬ ਦੀ ਆਰਥਿਕਤਾ ਤੇ ਵਿਕਾਸ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਤਿਉਹਾਰਾਂ ਦੇ ਮੌਕੇ ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਖੁਸ਼ੀਆਂ ਸਾਂਝੀਆਂ ਕਰੇ। ਅਜਿਹੇ ਵਿੱਚ ਰੇਲਵੇ ਸਫ਼ਰ ਦੀਆਂ ਮੁਸ਼ਕਲਾਂ ਉਨ੍ਹਾਂ ਦੀਆਂ ਖੁਸ਼ੀਆਂ ਵਿੱਚ ਰੁਕਾਵਟ ਨਹੀਂ ਬਣਨੀਆਂ ਚਾਹੀਦੀਆਂ। ਉਨ੍ਹਾਂ ਸੂਬਾ ਸਰਕਾਰ, ਕੇਂਦਰ ਸਰਕਾਰ ਤੇ ਰੇਲਵੇ ਵਿਭਾਗ ਨੂੰ ਅਪੀਲ ਕੀਤੀ ਕਿ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਤੋਂ ਬਿਹਾਰ ਅਤੇ ਉੱਤਰ ਪ੍ਰਦੇਸ਼ ਲਈ ਜਲਦ ਤੋਂ ਜਲਦ ਵਾਧੂ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣ, ਤਾਂ ਜੋ ਤਿਉਹਾਰ ਮਨਾਉਣ ਲਈ ਆਪਣੇ ਘਰਾਂ ਨੂੰ ਜਾਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ।