ਮਿਡ ਡੇ ਮੀਲ ਵਰਕਰਾਂ ਵੱਲੋਂ ਚੁੱਲ੍ਹਾ ਬੰਦ ਸਮੂਹਿਕ ਛੁੱਟੀ
ਮਿਡ ਡੇ ਮੀਲ ਵਰਕਰਾਂ ਵੱਲੋਂ ਚੁੱਲ੍ਹਾ ਬੰਦ ਸਮੂਹਿਕ ਛੁੱਟੀ
Publish Date: Mon, 07 Sep 2026 07:51 PM (IST)
Updated Date: Mon, 07 Sep 2026 07:52 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਮਿਡ ਡੇ ਮੀਲ ਵਰਕਰ ਯੂਨੀਅਨ ਪੰਜਾਬ ਦੇ ਸੱਦੇ ’ਤੇ ਇਕਾਈ ਫਗਵਾੜਾ ਵੱਲੋਂ ਵੀ ਚੁੱਲਾ ਬੰਦ ਸਮੂਹਿਕ ਛੁੱਟੀ ਕਰਕੇ ਚੰਡੀਗੜ ਵਿਖੇ ਰੋਸ ਰੈਲੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ਹੈ। ਇਹ ਰੈਲੀ ਮਾਣ ਭੱਤਾ ਵਰਕਰਜ਼ ਮੋਰਚੇ ਵੱਲੋਂ ਐਲਾਨੀ ਗਈ ਹੈ, ਜਿਸ ਵਿੱਚ ਮਾਣ ਭੱਤੇ ਵਾਲੇ ਤੇ ਦਿਹਾੜੀ ਕਾਮੇ ਭਾਗ ਲੈ ਰਹੇ ਹਨ। ਮਿਡ ਡੇ ਮੀਲ ਵਰਕਰ ਯੂਨੀਅਨ ਫਗਵਾੜਾ ਦੀ ਪ੍ਰਧਾਨ ਰਾਜ ਕੌਰ ਤੇ ਸੂਬਾ ਕਮੇਟੀ ਮੈਂਬਰ ਰਾਜਵਿੰਦਰ ਕੌਰ ਦੀ ਅਗਵਾਈ ਵਿੱਚ ਸਰਕਾਰ ਨੂੰ ਇਸ ਸਬੰਧੀ ਇੱਕ ਸੂਚਨਾ ਪੱਤਰ ਬੀਪੀਈਓ ਦਫਤਰ ਫਗਵਾੜਾ ਰਾਹੀਂ ਭੇਜਿਆ ਗਿਆ। ਇਸ ਮੌਕੇ ਮਿਡ ਡੇ ਮੀਲ ਵਰਕਰ ਆਗੂਆਂ ਨੇ ਦੱਸਿਆ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਕੇਵਲ 3 ਹਜ਼ਾਰ ਮਾਣ ਭੱਤਾ ਵੀ ਸਰਕਾਰ ਹੁਣ ਕਿਸ਼ਤਾਂ ਵਿੱਚ ਦੇਣ ਲੱਗ ਪਈ ਹੈ। ਜਦ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨਾਲ਼ ਮਾਣ ਭੱਤਾ ਦੁਗਣਾ ਕਰਨ ਦਾ ਵਾਅਦਾ ਕੀਤਾ ਗਿਆ ਸੀ। ਆਗੂਆਂ ਨੇ ਮੰਗ ਕੀਤੀ ਕਿ ਮਿਡ ਡੇ ਮੀਲ ਵਰਕਰਾਂ ਤੇ ਆਸ਼ਾ ਵਰਕਰਾਂ ਉੱਪਰ ਘੱਟੋ-ਘੱਟ ਉਜਰਤਾਂ ਲਾਗੂ ਕਰਕੇ ਘਰ ਦਾ ਖਰਚਾ ਚਲਾਉਣ ਜੋਗੀ 15 ਹਜ਼ਾਰ ਤਨਖਾਹ ਦਿੱਤੀ ਜਾਵੇ। 8 ਸਤੰਬਰ ਨੂੰ ਵਰਕਰ ਕਾਲ਼ੇ ਪਹਿਰਾਵੇ ਪਾ ਕੇ ਚੰਡੀਗੜ੍ਹ ਵੱਲ ਮਾਰਚ ਕਰਨਗੀਆਂ। ਇਸ ਮੌਕੇ ਡੀਐੱਮਐੱਫ ਆਗੂ ਗੁਰਮੁਖ ਲੋਕਪ੍ਰੇਮੀ, ਡੀਟੀਐੱਫ ਤੋਂ ਮੈਡਮ ਰੇਸ਼ਮਾ ਰਾਣੀ, ਸੁਨੀਤਾ ਦੇਵੀ, ਸਿਮੀ ਦਰਵੇਸ਼ ਪਿੰਡ ਤੇ ਹੋਰ ਆਗੂ ਵਰਕਰ ਹਾਜ਼ਰ ਸਨ।