ਮਗਨਰੇਗਾ ਕਰਮਚਾਰੀਆਂ ਨੇ ਕੀਤੀ ਕਲਮ ਛੋੜ ਹੜਤਾਲ
ਮਗਨਰੇਗਾ ਕਰਮਚਾਰੀਆਂ ਨੇ ਹੱਕੀ ਮੰਗਾਂ ਨੂੰ ਲੈ ਕੇ ਕੀਤੀ ਕਲਮ ਛੋੜ ਹੜਤਾਲ
Publish Date: Mon, 01 Jun 2026 08:01 PM (IST)
Updated Date: Mon, 01 Jun 2026 09:13 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬਲਾਕ ਵਿਕਾਸ ਤੇ ਪੰਚਾਇਤ ਦਫਤਰ ਫਗਵਾੜਾ ਵਿਖੇ ਕਰੀਬ 10/12 ਸਾਲ ਤੋਂ ਡਿਊਟੀ ਕਰ ਰਹੇ ਮਗਨਰੇਗਾ ਦੇ ਕੱਚੇ ਕਰਮਚਾਰੀਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਤੋਂ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਹੈ। ਹੜਤਾਲ ਦੌਰਾਨ ਦਫਤਰ ਦੇ ਬਾਹਰ ਧਰਨੇ ‘ਤੇ ਬੈਠੇ ਮਗਨਰੇਗਾ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ 6-7 ਮਹੀਨੇ ਤੋਂ ਤਨਖਾਹਾਂ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਘਰਾਂ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ ਹੈ। ਇਸ ਦੌਰਾਨ ਏਪੀਓ ਸੁਰਿੰਦਰ ਪਾਲ ਸਿੰਘ ਬਘਾਣਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਪਿਛਲੀਆਂ ਵਿਧਾਨਸਭਾ ਚੋਣਾਂ ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ ਦਾ ਭਰੋਸਾ ਦਿੱਤਾ ਸੀ, ਹੁਣ ਇਸ ਸਰਕਾਰ ਦਾ ਪੰਜ ਸਾਲ ਦਾ ਕਾਰਜਕਾਲ ਜਲਦੀ ਪੂਰਾ ਹੋਣ ਜਾ ਰਿਹਾ ਹੈ ਪਰ ਮਗਨਰੇਗਾ ਕਰਮਚਾਰੀਆਂ ਨੂੰ ਪੱਕੇ ਕਰਨ ਵੱਲ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਬਲਕਿ ਪਿਛਲੇ 6-7 ਮਹੀਨਿਆਂ ਤੋਂ ਉਹ ਤਨਖਾਹਾਂ ਨੂੰ ਵੀ ਤਰਸ ਰਹੇ ਹਨ। ਘਰ ਦਾ ਰਾਸ਼ਨ, ਬੱਚਿਆਂ ਦੀਆਂ ਸਕੂਲ ਫੀਸਾਂ, ਨਵੇਂ ਦਾਖਲੇ, ਬਜ਼ੁਰਗਾਂ ਤੇ ਬਿਮਾਰਾਂ ਦੇ ਇਲਾਜ ਦਾ ਖਰਚਾ ਉਨ੍ਹਾਂ ਵੱਲੋਂ ਕਰਜ਼ਾ ਲੈ ਕੇ ਕੀਤਾ ਜਾ ਰਿਹਾ ਹੈ। ਪਿਛਲੇ ਦਿਨਾਂ ‘ਚ ਪੈਟਰੋਲ ਤੇ ਰਸੋਈ ਗੈਸ ਮਹਿੰਗੀ ਹੋਣ ਨਾਲ ਘਰੇਲੂ ਖਰਚੇ ਤੇ ਮਹਿੰਗਾਈ ਦਾ ਬੋਝ ਹੋਰ ਜ਼ਿਆਦਾ ਵਧ ਗਿਆ ਹੈ, ਜਿਸ ਕਰਕੇ ਉਨ੍ਹਾਂ ਨੂੰ ਮਜਬੂਰਨ ਹੜਤਾਲ ਦਾ ਐਲਾਨ ਕਰਨਾ ਪਿਆ। ਉਨ੍ਹਾਂ ਜਿਥੇ ਪੰਜਾਬ ਸਰਕਾਰ ਤੋਂ ਬਕਾਇਆ ਤਨਖਾਹਾਂ ਦਾ ਭੁਗਤਾਨ ਕਰਨ ਦੀ ਮੰਗ ਕੀਤੀ, ਉੱਥੇ ਹੀ ਚਿਤਾਵਨੀ ਦਿੱਤੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਪੂਰੀ ਨਾ ਹੋਣ ਤੱਕ ਇਹ ਕਲਮਛੋੜ ਹੜਤਾਲ ਜਾਰੀ ਰਹੇਗੀ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿਹਾਤੀ ਫਗਵਾੜਾ ਦੇ ਇੰਚਾਰਜ ਰਾਜਿੰਦਰ ਸਿੰਘ ਚੰਦੀ ਨੇ ਕਿਹਾ ਕਿ ਮਗਨਰੇਗਾ ਮੁਲਾਜ਼ਮਾਂ ਦੀ ਹੜਤਾਲ ਨਾਲ ਪਿੰਡਾਂ ਦੇ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਉਨ੍ਹਾਂ ਭਗਵੰਤ ਮਾਨ ਸਰਕਾਰ ’ਤੇ ਹਮਲਾਵਰ ਹੁੰਦਿਆਂ ਕਿਹਾ ਕਿ ਇਸ ਸਰਕਾਰ ਨੇ ਸਮਾਜ ਦੇ ਕਿਸੇ ਵਰਗ ਨਾਲ ਵੀ ਕੀਤਾ ਹੋਇਆ ਕੋਈ ਵਾਅਦਾ ਪੂਰਾ ਨਹੀਂ ਕੀਤਾ। ਸਾਰਾ ਪੰਜਾਬ ਸੜਕਾਂ ‘ਤੇ ਸੰਘਰਸ਼ ਲਈ ਮਜਬੂਰ ਹੈ। ਇਸ ਮੌਕੇ ਟੀਏ ਜਸਕਰਨ ਵਰਮਾ, ਸੀਏ ਮਨਜੀਤ ਕੌਰ, ਜੀਆਰਐੱਸ ਮੇਜਰ ਸਿੰਘ, ਰਮਨ ਕੁਮਾਰੀ ਤੇ ਸੋਨੀਆ ਆਦਿ ਹਾਜ਼ਰ ਸਨ।