ਜੀਡੀਆਰ ’ਚ ਮਨਾਇਆ ਮਾਨਸਿਕ ਸਿਹਤ ਹਫ਼ਤਾ ਜੀ.ਡੀ.ਆਰ. ਸਕੂਲ ਵਿੱਚ ਮਨਾਇਆ ਗਿਆ ਮਾਨਸਿਕ ਸਿਹਤ ਹਫ਼ਤਾ
Publish Date: Sat, 17 Oct 2026 06:31 PM (IST)
Updated Date: Sat, 17 Oct 2026 06:33 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ 5 ਤੋਂ 10 ਅਕਤੂਬਰ, 2026 ਤੱਕ ਮਾਨਸਿਕ ਸਿਹਤ ਹਫ਼ਤਾ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਹਫ਼ਤੇ ਦੇ ਪਹਿਲੇ ਦਿਨ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਗਿਆਰ੍ਹਵੀਂ ਜਮਾਤ (ਸਾਇੰਸ) ਦੀ ਵਿਦਿਆਰਥਣ ਪ੍ਰਭਪੁਨੀਤ ਕੌਰ ਨੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੱਤਾ। 6 ਨੂੰ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਨਸਿਕ ਸਿਹਤ ਨਾਲ ਸਬੰਧਤ ਪ੍ਰੇਰਨਾਦਾਇਕ ਨਾਅਰੇ ਲਿਖੇ। 7 ਨੂੰ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਨਸਿਕ ਸਿਹਤ ਦੀ ਮਹੱਤਤਾ ਨੂੰ ਦਰਸਾਉਂਦੇ ਸੁੰਦਰ ਪੋਸਟਰ ਬਣਾਏ। 8 ਨੂੰ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ‘ਗ੍ਰੈਟੀਟਿਊਡ ਜਾਰ’ (ਧੰਨਵਾਦ ਪਾਤਰ) ਗਤੀਵਿਧੀ ਵਿੱਚ ਭਾਗ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਧੰਨਵਾਦ ਨਾਲ ਸਬੰਧਤ ਪਰਚੀਆਂ ਲਿਖ ਕੇ ਜਾਰ ਵਿੱਚ ਪਾਈਆਂ ਤੇ ਆਪਣੇ ਮਾਤਾ-ਪਿਤਾ, ਅਧਿਆਪਕਾਂ ਤੇ ਦੋਸਤਾਂ ਪ੍ਰਤੀ ਧੰਨਵਾਦ ਤੇ ਸਤਿਕਾਰ ਦੀ ਭਾਵਨਾ ਪ੍ਰਗਟ ਕੀਤੀ। 9 ਨੂੰ ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਦੇ ਵਿਹੜੇ ਵਿੱਚ ਯੋਗ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਨੂੰ ਯੋਗ ਰਾਹੀਂ ਮਨ ਨੂੰ ਸ਼ਾਂਤ ਰੱਖਣ ਤੇ ਮਾਨਸਿਕ ਤਣਾਅ ਘਟਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਹਫ਼ਤੇ ਦੇ ਆਖ਼ਰੀ ਦਿਨ, 10 ਅਕਤੂਬਰ ਨੂੰ ਪੂਰੇ ਹਫ਼ਤੇ ਦੌਰਾਨ ਕਰਵਾਈਆਂ ਗਈਆਂ ਗਤੀਵਿਧੀਆਂ ਦੀ ਸਕੂਲ ਦੇ ਵਿਹੜੇ ਵਿੱਚ ਪ੍ਰਦਰਸ਼ਨੀ ਲਗਾਈ ਗਈ। ਵਿਦਿਆਰਥੀਆਂ ਨੇ ਆਪਣੇ ਵੱਲੋਂ ਤਿਆਰ ਕੀਤੇ ਪੋਸਟਰਾਂ, ਨਾਅਰਿਆਂ ਤੇ ਹੋਰ ਰਚਨਾਤਮਕ ਕੰਮਾਂ ਨੂੰ ਪ੍ਰਦਰਸ਼ਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਾਧਵੀ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨਸਿਕ ਸਿਹਤ ਸਾਡੇ ਜੀਵਨ ਦਾ ਇੱਕ ਅਹਿਮ ਹਿੱਸਾ ਹੈ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਮਾਨਸਿਕ ਤੌਰ ਤੇ ਸਿਹਤਮੰਦ ਰਹਿਣ, ਤਣਾਅ ਘਟਾਉਣ ਤੇ ਜੀਵਨ ਵਿੱਚ ਸਕਾਰਾਤਮਕ ਸੋਚ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ।