ਜੀਡੀਆਰ ਸਕੂਲ ’ਚ ਮਨਾਇਆ ‘ਮਾਨਸਿਕ ਸਿਹਤ ਹਫ਼ਤਾ’ ਜੀ.ਡੀ.ਆਰ. ਸਕੂਲ ਵਿੱਚ ‘ਮਾਨਸਿਕ ਸਿਹਤ ਹਫ਼ਤੇ’ ਦਾ ਸਫ਼ਲ ਆਯੋਜਨ
Publish Date: Mon, 12 Oct 2026 06:25 PM (IST)
Updated Date: Mon, 12 Oct 2026 06:26 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਡੇ ਬੋਰਡਿੰਗ ਪਬਲਿਕ ਸਕੂਲ, ਆਦਰਸ਼ ਨਗਰ, ਫਗਵਾੜਾ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਭਾਵਨਾਤਮਕ ਤੰਦਰੁਸਤੀ ਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਮਾਨਸਿਕ ਸਿਹਤ ਹਫ਼ਤਾ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕਰਨ ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਵਾਸਤੇ ਵੱਖ-ਵੱਖ ਰਚਨਾਤਮਕ ਤੇ ਗਿਆਨਵਰਧਕ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਹੋਈ, ਜਿੱਥੇ ਮੈਡਮ ਮਨਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਚੌਥੀ, ਪੰਜਵੀਂ ਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ ‘ਵੈੱਲਨੈੱਸ ਐਂਡ ਮਾਈਂਡਫੁਲਨੈੱਸ ਡੇਅ’ ਮਨਾਇਆ ਗਿਆ, ਜਿਸ ਵਿੱਚ ਉਨ੍ਹਾਂ ਨੂੰ ਮਨ ਨੂੰ ਸ਼ਾਂਤ ਰੱਖਣ ਤੇ ਇਕਾਗਰਤਾ ਵਧਾਉਣ ਦੇ ਵੱਖ-ਵੱਖ ਤਰੀਕੇ ਸਿਖਾਏ ਗਏ। ਵਿਦਿਆਰਥੀਆਂ ਨੇ ‘ਮਾਨਸਿਕ ਸਿਹਤ ਦੇ ਮਾਇਨੇ’ ਵਿਸ਼ੇ ’ਤੇ ਆਕਰਸ਼ਕ ਪੋਸਟਰ ਬਣਾ ਕੇ ਜਾਗਰੂਕਤਾ ਦਾ ਸੁਨੇਹਾ ਦਿੱਤਾ। ਇਸੇ ਤਰ੍ਹਾਂ ਸੱਤਵੀਂ ਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਸਕਾਰਾਤਮਕ ਸੋਚ’ ਵਿਸ਼ੇ ’ਤੇ ਨਾਅਰੇ ਲਿਖਣ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਸ਼ਬਦਾਂ ਰਾਹੀਂ ਪੇਸ਼ ਕੀਤਾ। ਇਸ ਦੇ ਨਾਲ ਵਿਦਿਆਰਥੀਆਂ ਨੇ ਸਾਂਝੇ ਤੌਰ ’ਤੇ ਯੋਗਾ, ਸਰੀਰਕ ਖਿੱਚ ਦੀਆਂ ਕਸਰਤਾਂ ਤੇ ਸਾਹ ਲੈਣ ਦੀਆਂ ਸਰਲ ਕਿਰਿਆਵਾਂ ਦਾ ਅਭਿਆਸ ਕੀਤਾ। ਇਸ ਤੋਂ ਇਲਾਵਾ, ਚੌਥੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ, ਮਾਪਿਆਂ ਤੇ ਕੁਦਰਤ ਪ੍ਰਤੀ ਧੰਨਵਾਦ ਪ੍ਰਗਟ ਕਰਦਿਆਂ ਸੁੰਦਰ ‘ਥੈਂਕ ਯੂ ਨੋਟਸ’ ਲਿਖੇ। ਪ੍ਰੋਗਰਾਮ ਦੌਰਾਨ ਗਾਇਤਰੀ ਸ਼ਰਮਾ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਰਾਹੀਂ ਮਾਨਸਿਕ ਸਿਹਤ ਦੀ ਮਹੱਤਤਾ, ਤਣਾਅ ਪ੍ਰਬੰਧਨ, ਚਿੰਤਾ ਤੇ ਭਾਵਨਾਤਮਕ ਸਿਹਤ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਵਿਸ਼ੇਸ਼ ਮੌਕੇ ’ਤੇ ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨਿਯਮਤ ਕਸਰਤ, ਲੋੜੀਂਦੀ ਨੀਂਦ, ਸੰਤੁਲਿਤ ਖੁਰਾਕ, ਯੋਗਾ ਤੇ ਧਿਆਨ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ।