ਫਗਵਾੜਾ ’ਚ ਲੁਟੇਰਿਆਂ ਦਾ ਕਹਿਰ ਜਾਰੀ ਫਗਵਾੜਾ ਚ ਲੁਟੇਰਿਆਂ ਦਾ ਕਹਿਰ ਜਾਰੀ
Publish Date: Thu, 15 Oct 2026 07:20 PM (IST)
Updated Date: Thu, 15 Oct 2026 07:21 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ’ਚ ਲੁੱਟ ਦੀ ਇੱਕ ਵਾਰਦਾਤ ਨੇ ਸ਼ਹਿਰ ਦੀ ਕਾਨੂੰਨ ਵਿਵਸਥਾ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਫਗਵਾੜਾ ਦੇ ਪਲਾਹੀ ਰੋਡ ’ਤੇ ਸ੍ਰੀ ਗੁਰੂ ਰਵਿਦਾਸ ਹਸਪਤਾਲ ਦੇ ਸਾਹਮਣੇ ਇੱਕ ਸੁਨਿਆਰੇ ਤੇ ਮਨੀਚੇਂਜਰ ਦਾ ਕੰਮ ਕਰਨ ਵਾਲੇ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਸਿਲਵਰ ਰੰਗ ਦੀ ਸਵਿਫਟ ਕਾਰ ਵਿੱਚ ਆਏ ਕੁਝ ਨੌਜਵਾਨਾਂ ਨੇ ਪਹਿਲਾਂ ਉਸ ਦੀ ਐਕਟਿਵਾ ਨੂੰ ਟੱਕਰ ਮਾਰੀ ਤੇ ਫਿਰ ਉਸ ’ਤੇ ਹਮਲਾ ਕਰ ਦਿੱਤਾ। ਹਮਲੇ ਕਾਰਨ ਨੌਜਵਾਨ ਦੇ ਸਿਰ ’ਤੇ ਸੱਟਾਂ ਲੱਗੀਆਂ, ਉੱਪਰੋਂ ਰਿਵਾਲਵਰ ਦਿਖਾ ਕੇ ਕਰੀਬ 5 ਲੱਖ ਰੁਪਏ ਨਕਦੀ ਤੇ 10 ਤੋਂ 12 ਤੋਲੇ ਸੋਨਾ ਲੁੱਟਿਆ ਗਿਆ। ਲੁਟੇਰਿਆਂ ਦੇ ਫ਼ਰਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ, ਲੁੱਟੀ ਗਈ ਨਕਦੀ ਤੇ ਸੋਨੇ ਦੀ ਸਹੀ ਮਾਤਰਾ ਦੀ ਪੁਲਿਸ ਜਾਂਚ ਤੋਂ ਪੁਸ਼ਟੀ ਹੋਣੀ ਬਾਕੀ ਹੈ। ਜਾਣਕਾਰੀ ਮੁਤਾਬਕ, ਗੁਰਜੀਤ ਸਿੰਘ, ਜੋ ਪਿੰਡ ਪਲਾਹੀ ਵਿਖੇ ਸੁਨਿਆਰੇ ਤੇ ਮਨੀ ਚੇਂਜਰ ਦੀ ਦੁਕਾਨ ਚਲਾਉਂਦਾ ਹੈ, ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਵਾਪਸ ਜਾ ਰਿਹਾ ਸੀ। ਇਸੇ ਦੌਰਾਨ ਸ਼ਾਮ ਕਰੀਬ 6 ਵਜੇ ਤੋਂ ਬਾਅਦ ਪਲਾਹੀ ਰੋਡ ’ਤੇ ਇਹ ਵਾਰਦਾਤ ਵਾਪਰੀ। ਪੀੜਤ ਦੇ ਭਰਾ ਸੁਖਵਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਹਮਲਾਵਰਾਂ ਨੇ ਗੁਰਜੀਤ ਸਿੰਘ ਦੇ ਸਿਰ ’ਤੇ ਸੱਟਾਂ ਮਾਰੀਆਂ ਤੇ ਰਿਵਾਲਵਰ ਦਿਖਾ ਕੇ ਉਸ ਕੋਲੋਂ ਨਕਦੀ ਤੇ ਸੋਨਾ ਖੋਹ ਲਿਆ। ਵਾਰਦਾਤ ਤੋਂ ਬਾਅਦ ਜ਼ਖ਼ਮੀ ਗੁਰਜੀਤ ਸਿੰਘ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਫਿਲਹਾਲ ਉਸ ਦਾ ਇਲਾਜ ਜਾਰੀ ਹੈ। ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਕਿਵੇਂ? ਸ਼ਹਿਰ ਦੇ ਰੁਝੇਵੇਂ ਵਾਲੇ ਇਲਾਕੇ ਵਿੱਚ, ਇੱਕ ਹਸਪਤਾਲ ਦੇ ਸਾਹਮਣੇ, ਸ਼ਾਮ ਦੇ ਸਮੇਂ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੁਲਜ਼ਮ ਫ਼ਰਾਰ ਹੋ ਜਾਂਦੇ ਹਨ, ਕੀ ਲੁਟੇਰਿਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ? ਕੀ ਸ਼ਹਿਰ ਵਿੱਚ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੋਰ ਸਖ਼ਤ ਕਦਮ ਚੁੱਕਣ ਦੀ ਲੋੜ ਹੈ? ਇਹ ਸਵਾਲ ਹੁਣ ਫਗਵਾੜਾ ਵਾਸੀਆਂ ਦੇ ਮਨਾਂ ਵਿੱਚ ਵੀ ਉੱਠ ਰਹੇ ਹਨ। ਉਧਰ, ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਿਟੀ ਦੇ ਐੱਸਐੱਚਓ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੇ। ਪੁਲਿਸ ਵੱਲੋਂ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲੁਟੇਰਿਆਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।