ਸਾਂਝਾ ਅਧਿਆਪਕ ਮੰਚ ਨੇ ਐੱਸਡੀਐੱਮ ਨੂੰ ਦਿੱਤਾ ਮੰਗ ਪੱਤਰ ਭੱਖਦੀਆਂ ਮੰਗਾਂ ਲਈ ਸਾਂਝਾ ਅਧਿਆਪਕ ਮੰਚ ਵਲੋਂ ਐੱਸ ਡੀ ਐਮ ਨੂੰ ਦਿੱਤਾ ਗਿਆ ਮੰਗ ਪੱਤਰ
Publish Date: Mon, 17 Aug 2026 07:23 PM (IST)
Updated Date: Mon, 17 Aug 2026 07:24 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਾਂਝਾ ਅਧਿਆਪਕ ਮੰਚ ਬਲਾਕ ਫਗਵਾੜਾ ਦਾ ਇਕ ਵਫਦ ਜਸਬੀਰ ਸੈਣੀ ਤੇ ਜਸਬੀਰ ਭੰਗੂ ਦੀ ਅਗਵਾਈ ਵਿੱਚ ਐੱਸਡੀਐੱਮ ਨਵਜੋਤ ਸ਼ਰਮਾ ਨੂੰ ਮਿਲਿਆ ਤੇ ਭੱਖਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਆਗੂਆਂ ਨੇ ਦੱਸਿਆ ਕਿ ਮਈ ਮਹੀਨੇ ਅਧਿਆਪਕਾਂ ਦੀ ਜਨਗਣਨਾ ਵਿੱਚ ਡਿਊਟੀ ਲਗੀ ਹੋਈ ਸੀ। ਉਸੇ ਸਮੇਂ ਵਿਭਾਗ ਵੱਲੋ ਬੱਚਿਆਂ ਦੀ ਵਰਦੀਆਂ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅਧਿਆਪਕ ਜਨਗਣਨਾ ਦੇ ਕੰਮ ਵਿੱਚ ਰੁੱਝੇ ਹੋਣ ਕਾਰਨ ਤੇ ਵਿਭਾਗ ਵੱਲੋ ਪੀਐੱਫਐੱਮਐੱਸ ਪੋਰਟਲ ਨੂੰ ਆਰਜੀ ਤੌਰ ’ਤੇ ਬੰਦ ਕਰ ਦਿੱਤਾ ਗਿਆ ਤੇ ਲਿਮਟ ਚੱਕ ਲਈ ਗਈ, ਜਿਸ ਕਾਰਨ ਅੱਜ ਤਕ ਵਰਦੀਆਂ ਦੀ ਗ੍ਰਾਂਟ ਜਾਰੀ ਨਹੀਂ ਕੀਤੀ ਗਈ ਹੈ। ਆਗੂਆਂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਅਧਿਆਪਕ ਨੂੰ ਆਪਣੀ ਜੇਬ ਵਿਚੋਂ ਵਰਦੀਆਂ ਖਰੀਦਣ ਦਾ ਬੇਲੋੜਾ ਦਬਾਅ ਬਣਾਇਆ ਜਾ ਰਿਹਾ ਹੈ ਜਦਕਿ ਅਧਿਆਪਕਾਂ ਵੱਲੋਂ ਆਪਣੀ ਜੇਬ ਵਿਚੋਂ ਮਈ ਮਹੀਨੇ ਤੋਂ ਮਿਡ ਡੇਅ ਮੀਲ ਚਲਾਇਆ ਜਾ ਰਿਹਾ ਹੈ। ਇਥੋਂ ਤੱਕ ਕੀ ਗਰਮੀਆਂ ਦੀਆਂ ਛੁੱਟੀਆਂ ਦਾ ਕੰਮ ਵੀ ਆਪਣੀ ਜੇਬ ਵਿੱਚੋਂ ਖਰਚ ਕਰਕੇ ਬੱਚਿਆਂ ਨੂੰ ਦਿੱਤਾ ਗਿਆ ਸੀ। ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਤੇ ਵਰਦੀਆਂ ਦੀ ਖਰੀਦ ਆਪਣੀ ਜੇਬ ਵਿਚੋਂ ਖਰਚ ਕਰਨ ਦਾ ਮਾਨਸਿਕ ਤੇ ਵਿੱਤੀ ਬੋਝ ਨਾ ਪਾਇਆ ਜਾਵੇ ਤੇ ਮਿਡ ਡੇਅ ਮੀਲ ਦੀ ਮਈ ਮਹੀਨੇ ਤੋਂ ਪੈਂਡਿੰਗ ਗ੍ਰਾਂਟ ਤੁਰੰਤ ਜਾਰੀ ਕੀਤੀ ਜਾਵੇ। ਇਸ ਮੌਕੇ ਜਗਤਾਰ ਸਿੰਘ, ਪਰਦੀਪ ਸਿੰਘ, ਅੰਮ੍ਰਿਤ ਪਾਲ ਸਿੰਘ, ਇੰਦਰਜੀਤ ਸਿੰਘ, ਰਾਮਪਾਲ, ਗੌਰਵ ਰਾਠੌਰ, ਪ੍ਰਦੀਪ ਹੀਰਾ, ਸੰਜੀਵ ਕੁਮਾਰ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।