ਨਜਾਇਜ਼ ਖੋਖਿਆਂ ਨੂੰ ਚੁਕਵਾਉਣ ਲਈ ਐੱਸਪੀ ਨੂੰ ਦਿੱਤਾ ਮੰਗ ਪੱਤਰ ਫਗਵਾੜਾ ਚ ਨਜਾਇਜ਼ ਖੋਖਿਆਂ ਨੂੰ ਚੁਕਵਾਉਣ ਲਈ ਐਸਪੀ ਨੂੰ ਦਿੱਤਾ ਮੰਗ ਪੱਤਰ
Publish Date: Thu, 12 Nov 2026 07:12 PM (IST)
Updated Date: Thu, 12 Nov 2026 07:15 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਹੈਲਪ ਐਂਡ ਕੇਅਰ ਵੈੱਲਫੇਅਰ ਸੋਸਾਇਟੀ ਜਲੰਧਰ ਦੇ ਮੁਖੀ ਮਨਦੀਪ ਦੁਸਾਂਝ ਨੇ ਐੱਸਪੀ ਫਗਵਾੜਾ ਮੇਜਰ ਸਿੰਘ ਨੂੰ ਕੌਮੀ ਰਾਜਮਾਰਗ ’ਤੇ ਲੱਗੇ ਨਜਾਇਜ਼ ਖੋਖਿਆਂ ਨੂੰ ਚੁਕਵਾਉਣ ਸਬੰਧੀ ਮੰਗ ਪੱਤਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈਲਪ ਐਂਡ ਕੇਅਰ ਵੈੱਲਫੇਅਰ ਸੋਸਾਇਟੀ ਦੇ ਸਮੂਹ ਮੈਂਬਰਾਂ ਨੇ ਦੱਸਿਆ ਕਿ ਪਿੰਡ ਦਸਾਂਝਾ ਦੇ ਗੇਟ ਨਜ਼ਦੀਕ ਕੌਮੀ ਰਾਜਮਾਰਗ ਦੇ ਕਿਨਾਰੇ ਕੁਝ ਵਿਅਕਤੀਆਂ ਵੱਲੋਂ ਨਜਾਇਜ਼ ਖੋਖੇ ਲਗਾਏ ਹੋਏ ਹਨ। ਇਨ੍ਹਾਂ ਖੋਖਿਆਂ ਨਾਲ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉੱਥੇ ਹੀ ਹਾਦਸਿਆਂ ਦਾ ਖਤਰਾ ਵੀ ਬਣ ਰਿਹਾ ਹੈ ਤੇ ਨਾਲ ਦੀ ਨਾਲ ਇੱਥੇ ਗੈਰ ਕਾਨੂੰਨੀ ਗਤੀਵਿਧੀਆਂ ਵੀ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਨ੍ਹਾਂ ਖੋਖਿਆਂ ਦੇ ਮਾਲਕ ਕਾਨੂੰਨ ਦੀਆ ਧੱਜੀਆਂ ਉਡਾ ਕੇ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਬੱਚਿਆਂ ਨੂੰ ਨਸ਼ੇ ਤੇ ਤੰਬਾਕੂ ਵੇਚ ਰਹੇ ਹਨ, ਜਿਸ ਨਾਲ ਇਲਾਕੇ ਦੀ ਸੰਗਤ ਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚ ਰਹੀ ਹੈ। ਉਨ੍ਹਾਂ ਐੱਸਪੀ ਫਗਵਾੜਾ ਤੋਂ ਮੰਗ ਕੀਤੀ ਕਿ ਜੇਕਰ ਇਨ੍ਹਾਂ ਨੂੰ ਬੰਦ ਨਾ ਕਰਵਾਇਆ ਗਿਆ ਤਾਂ ਨੌਜਵਾਨ ਪੀੜੀ ਦਾ ਭਵਿੱਖ ਬਰਬਾਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਇਨ੍ਹਾਂ ਨਜਾਇਜ਼ ਖੋਖਿਆਂ ਨੂੰ ਦੋਸਾਂਝ ਗੇਟ ਕੌਮੀ ਰਾਜ ਮਾਰਗ ਤੋਂ ਹਟਾਇਆ ਜਾਵੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜਰਨੈਲ ਨੰਗਲ ਨੇ ਮਨਦੀਪ ਦੁਸਾਂਝ ਖਿਲਾਫ ਇਕ ਮੰਗ ਪੱਤਰ ਦਿੱਤਾ ਸੀ ਕਿ ਉਹ ਛੱਠ ਪੂਜਾ ਕਰਨ ਵਾਲਿਆਂ ਖਿਲਾਫ ਮਾਹੌਲ ਖਰਾਬ ਕਰ ਰਿਹਾ ਹੈ, ਉਸਦਾ ਜਵਾਬ ਦੇਣ ਐੱਸਪੀ ਦਫਤਰ ਪੁੱਜੇ ਮਨਦੀਪ ਦੁਸਾਂਝ ਨੇ ਆਪਣਾ ਪੱਖ ਰਖਦਿਆਂ ਕਿਹਾ ਕਿ ਉਹ ਕਿਸੇ ਵੀ ਛੱਠ ਪੂਜਾ ਕਰਨ ਵਾਲੇ ਦੇ ਖਿਲਾਫ ਨਹੀ ਹਨ ਪਰ ਸ਼ਰਾਰਤੀ ਅਨਸਰਾਂ ਨੂੰ ਨਹੀ ਬਖ਼ਸ਼ਣਗੇ।