ਡਾ. ਰਾਜ ਨੇ ਕੀਤੀ ਨਿਗਮ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਫਗਵਾੜਾ ਨਗਰ ਨਿਗਮ ਅਧੀਨ 42 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਸਮੀਖਿਆ
Publish Date: Fri, 02 Oct 2026 06:56 PM (IST)
Updated Date: Fri, 02 Oct 2026 06:58 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਫਗਵਾੜਾ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਮੀਟਿੰਗ ਕਰਕੇ ਸ਼ਹਿਰ ਭਰ ਵਿੱਚ ਲਗਭਗ 42 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਇਨ੍ਹਾਂ ਵਿੱਚ ਚੱਲ ਰਹੇ, ਟੈਂਡਰ ਪ੍ਰਕਿਰਿਆ ਅਧੀਨ ਤੇ ਪ੍ਰਸਤਾਵਿਤ ਵਿਕਾਸ ਕਾਰਜ ਸ਼ਾਮਲ ਹਨ। ਇਸ ਮੌਕੇ ਮੇਅਰ ਰਾਮਪਾਲ ਉੱਪਲ, ਡਿਪਟੀ ਮੇਅਰ ਵਿੱਕੀ ਸੂਦ ਤੇ ਨਗਰ ਨਿਗਮ ਕਮਿਸ਼ਨਰ ਰਣਦੀਪ ਸਿੰਘ ਹੀਰ ਵੀ ਮੌਜੂਦ ਸਨ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਸੰਸਦ ਮੈਂਬਰ ਨੂੰ ਜਾਣੂ ਕਰਵਾਇਆ ਕਿ ਲਗਭਗ 5 ਕਰੋੜ ਰੁਪਏ ਦੇ ਵਿਕਾਸ ਕਾਰਜ ਇਸ ਸਮੇਂ ਜ਼ਮੀਨੀ ਪੱਧਰ ’ਤੇ ਚੱਲ ਰਹੇ ਹਨ, ਜਦਕਿ 3.09 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੇ ਵਰਕ ਆਰਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਤੇ ਇਨ੍ਹਾਂ ਦਾ ਕੰਮ ਅਗਲੇ ਕੁਝ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ, 5.74 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਸਬੰਧੀ ਟੈਂਡਰ ਪ੍ਰਕਿਰਿਆ ਅੰਤਿਮ ਪੜਾਅ ’ਤੇ ਹੈ ਤੇ ਇਨ੍ਹਾਂ ਨੂੰ ਜਲਦ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਇਸੇ ਤਰ੍ਹਾਂ, ਵਿਸ਼ੇਸ਼ ਐੱਸਏਐੱਸਸੀਆਈ ਗ੍ਰਾਂਟ ਤਹਿਤ 11.12 ਕਰੋੜ ਰੁਪਏ ਦੇ ਵਿਕਾਸ ਕਾਰਜ ਵੀ ਫਗਵਾੜਾ ਵਿੱਚ ਪਹਿਲਾਂ ਹੀ ਜਾਰੀ ਹਨ। ਇਨ੍ਹਾਂ ਵਿੱਚ ਸੜਕਾਂ ਦੀ ਸਤ੍ਹਾ ਨੂੰ ਬਿਹਤਰ ਬਣਾਉਣ ਤੇ ਅਪਗ੍ਰੇਡ ਕਰਨ, ਪਾਰਕਿੰਗ ਸਹੂਲਤਾਂ ਤੇ ਪੈਦਲ ਚੱਲਣ ਵਾਲਿਆਂ ਲਈ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਤੇ ਸ਼ਹਿਰ ਦੇ ਜਨਤਕ ਸਥਾਨਾਂ ਨੂੰ ਬਿਹਤਰ ਬਣਾਉਣ ਦੇ ਕੰਮ ਸ਼ਾਮਲ ਹਨ। ਇਨ੍ਹਾਂ ਪ੍ਰਾਜੈਕਟਾਂ ਨੂੰ ਅਕਤੂਬਰ ਮਹੀਨੇ ਤੱਕ ਮੁਕੰਮਲ ਕੀਤਾ ਜਾਣਾ ਹੈ। ਡਾ. ਚੱਬੇਵਾਲ ਨੇ ਫਗਵਾੜਾ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਜਨਤਕ ਸਹੂਲਤਾਂ ਵਿੱਚ ਸੁਧਾਰ ਲਿਆਉਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਜਿਨ੍ਹਾਂ ਕੰਮਾਂ ਦੇ ਵਰਕ ਆਰਡਰ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿੱਚ ਪਿਕਲਬਾਲ ਕੋਰਟ, ਕ੍ਰਿਕਟ ਟਰਫ਼ ਤੇ ਹੋਰ ਖੇਡ ਸਹੂਲਤਾਂ ਦਾ ਨਿਰਮਾਣ, ਅਲੂਵਾਲੀਆ ਮੁਹੱਲਾ, ਚਾਚੋਕੀ, ਪਲਾਹੀ ਗੇਟ, ਹਦੀਆਬਾਦ ਤੇ ਗੋਬਿੰਦਪੁਰਾ ਸਮੇਤ ਵੱਖ-ਵੱਖ ਥਾਵਾਂ ’ਤੇ ਟਿਊਬਵੈੱਲ ਲਗਾਉਣ, ਸਰਾਏ ਰੋਡ ’ਤੇ ਸਲੈਬਾਂ ਦੀ ਮੁਰੰਮਤ ਤੇ ਸੀਵਰੇਜ ਤੇ ਪਾਣੀ ਦੀਆਂ ਪਾਈਪਲਾਈਨਾਂ ਨਾਲ ਸਬੰਧਤ ਕੰਮ ਸ਼ਾਮਲ ਹਨ। ਹੋਰ ਪ੍ਰਾਜੈਕਟਾਂ ਵਿੱਚ ਗੁਰੂ ਨਾਨਕ ਨਗਰ ਵਿਖੇ ਸੀਵਰੇਜ ਤੇ ਪਾਣੀ ਦੀਆਂ ਪਾਈਪਲਾਈਨਾਂ ਵਿਛਾਉਣਾ, ਊਧਮ ਸਿੰਘ ਨਗਰ ਤੇ ਆਦਰਸ਼ ਨਗਰ ਵਿੱਚ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਉਣਾ, ਸ਼ਹਿਰ ਦੇ ਨਾਗਰਿਕ ਕੰਮਾਂ ਲਈ ਟਰੈਕਟਰ-ਟਰਾਲੀਆਂ ਤੇ ਮਜ਼ਦੂਰਾਂ ਦਾ ਪ੍ਰਬੰਧ ਕਰਨਾ ਤੇ ਹਦੀਆਬਾਦ ਤੇ ਪ੍ਰੀਤ ਨਗਰ ਦੇ ਸਕੂਲਾਂ ਵਿੱਚ ਵਿਕਾਸ ਕਾਰਜ ਕਰਵਾਉਣਾ ਸ਼ਾਮਲ ਹੈ। ਸੰਸਦ ਮੈਂਬਰ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਸੀਵਰੇਜ ਤੇ ਜਲ ਸਪਲਾਈ ਪ੍ਰਾਜੈਕਟਾਂ ਦੀ ਵੀ ਸਮੀਖਿਆ ਕੀਤੀ। ਇਨ੍ਹਾਂ ਵਿੱਚ ਲੀਓ ਕਲੱਬ ਭਗਤਪੁਰ, ਊਧਮ ਸਿੰਘ ਨਗਰ, ਆਦਰਸ਼ ਨਗਰ, ਪੁਰਾਣਾ ਸਤਨਾਮਪੁਰਾ, ਹਦੀਆਬਾਦ ਤੇ ਪੁੱਤਰੀ ਪਾਠਸ਼ਾਲਾ ਵਿੱਚ ਸੀਵਰੇਜ ਦੀਆਂ ਪਾਈਪਲਾਈਨਾਂ ਵਿਛਾਉਣ ਤੋਂ ਇਲਾਵਾ ਸਿੰਧੂਰਾ ਮੁਹੱਲਾ, ਪੁਰਾਣੀ ਤਹਿਸੀਲ ਤੇ ਹੋਰ ਥਾਵਾਂ ’ਤੇ ਹੈਂਡ ਬੋਰ ਟਿਊਬਵੈੱਲ ਲਗਾਉਣ ਦੇ ਕੰਮ ਸ਼ਾਮਲ ਹਨ। ਡਾ. ਚੱਬੇਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੀਵਰੇਜ ਤੇ ਜਲ ਸਪਲਾਈ ਨਾਲ ਸਬੰਧਤ ਕੰਮਾਂ ਦੀ ਨੇੜਿਓਂ ਨਿਗਰਾਨੀ ਕੀਤੀ ਜਾਵੇ, ਤਾਂ ਜੋ ਸਾਰੇ ਪ੍ਰਾਜੈਕਟ ਨਿਰਧਾਰਤ ਸਮੇਂ ਅੰਦਰ ਮੁਕੰਮਲ ਹੋਣ ਤੇ ਇਲਾਕਾ ਨਿਵਾਸੀਆਂ ਨੂੰ ਜਲਦ ਤੋਂ ਜਲਦ ਰਾਹਤ ਮਿਲ ਸਕੇ। ਡਾ. ਚੱਬੇਵਾਲ ਨੇ ਫਗਵਾੜਾ ਦੇ ਵੱਖ-ਵੱਖ ਇਲਾਕਿਆਂ ਵਿੱਚ ਪ੍ਰਸਤਾਵਿਤ ਤੇ ਜਾਰੀ ਸੜਕਾਂ, ਗਲੀਆਂ, ਪਾਰਕਾਂ ਤੇ ਡਰੇਨੇਜ ਨਾਲ ਸਬੰਧਤ ਵਿਕਾਸ ਕਾਰਜਾਂ ਦੀ ਵੀ ਵਿਸਥਾਰ ਨਾਲ ਸਮੀਖਿਆ ਕੀਤੀ। ਇਨ੍ਹਾਂ ਵਿੱਚ ਸੰਧੀ ਗੈਸ ਏਜੰਸੀ ਦੇ ਆਲੇ-ਦੁਆਲੇ ਦੇ ਇਲਾਕਿਆਂ, ਪੁਰਾਣੀ ਡਾਕਖਾਨਾ ਰੋਡ, ਆਨੰਦ ਨਗਰ, ਖਲਵਾੜਾ ਗੇਟ, ਮੁਹੱਲਾ ਪੀਪਾ ਰੰਗੀ, ਇੰਪਰੂਵਮੈਂਟ ਟਰੱਸਟ ਦੇ ਪਿਛਲੇ ਪਾਸੇ, ਸ਼ਾਮ ਨਗਰ, ਸ਼ਿਵਪੁਰੀ ਮੁਹੱਲਾ, ਓਂਕਾਰ ਨਗਰ, ਸੰਤੋਖਪੁਰਾ, ਸਤਨਾਮਪੁਰਾ ਤੇ ਭਗਤਪੁਰਾ ਵਿੱਚ ਗਲੀਆਂ ਦੇ ਨਿਰਮਾਣ ਤੇ ਸੁਧਾਰ ਦੇ ਕੰਮ ਸ਼ਾਮਲ ਹਨ। ਮੀਟਿੰਗ ਦੌਰਾਨ ਮਾਨਸਾ ਦੇਵੀ ਟਿਊਬਵੈੱਲ ਪਾਰਕ ਦੀ ਮੁਰੰਮਤ ਤੇ ਸੁਧਾਰ, ਪਲਾਹੀ ਗੇਟ ਵਿਖੇ ਪਾਰਕ ਦਾ ਵਿਕਾਸ ਤੇ ਖੇੜਾ ਰੋਡ ਤੇ ਸੁਖਚੈਨ ਸਾਹਿਬ ਰੋਡ ’ਤੇ ਨਿਕਾਸੀ ਪ੍ਰਬੰਧਾਂ ਨਾਲ ਸਬੰਧਤ ਕੰਮਾਂ ਦਾ ਵੀ ਜਾਇਜ਼ਾ ਲਿਆ ਗਿਆ। ਇਸ ਤੋਂ ਇਲਾਵਾ, ਸ਼ਹਿਰ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਹੋਰ ਪ੍ਰਾਜੈਕਟ ਵੀ ਸ਼ਾਮਲ ਹਨ। ਇਨ੍ਹਾਂ ਸਾਰੇ ਕੰਮਾਂ ਦੀ ਕੁੱਲ ਲਾਗਤ ਕਈ ਕਰੋੜ ਰੁਪਏ ਬਣਦੀ ਹੈ। ਇਸ ਤੋਂ ਇਲਾਵਾ, ਹਾਜੀਪੁਰ, ਹੁਸ਼ਿਆਰਪੁਰ ਰੋਡ, ਖਲਵਾੜਾ ਰੋਡ ਤੇ ਖਲਵਾੜਾ ਰੋਡ ਨਾਲ ਲੱਗਦੀਆਂ ਕਲੋਨੀਆਂ, ਐੱਸਏਐੱਸ ਨਗਰ ਤੇ ਪੁਰੇਵਾਲ ਨਗਰ, ਗ੍ਰੀਨ ਵੈਲੀ ਕਲੋਨੀ ਸਮੇਤ ਹੋਰ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੀਵਰੇਜ ਲਾਈਨਾਂ ਵਿਛਾਉਣ ਲਈ ਲਗਭਗ 4 ਕਰੋੜ ਰੁਪਏ ਦੀ ਲਾਗਤ ਵਾਲਾ ਇੱਕ ਵੱਡਾ ਪ੍ਰਾਜੈਕਟ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਇਸ ਪ੍ਰਾਜੈਕਟ ਨਾਲ ਸੀਵਰੇਜ ਨੈੱਟਵਰਕ ਮਜ਼ਬੂਤ ਹੋਵੇਗਾ ਤੇ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ। ਮੀਟਿੰਗ ਦੌਰਾਨ ਡਾ. ਚੱਬੇਵਾਲ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਵਿਕਾਸ ਕਾਰਜ ਸਮੇਂ ਸਿਰ, ਪਾਰਦਰਸ਼ੀ ਢੰਗ ਨਾਲ ਅਤੇ ਨਿਰਧਾਰਤ ਗੁਣਵੱਤਾ ਮਾਪਦੰਡਾਂ ਅਨੁਸਾਰ ਮੁਕੰਮਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਫਗਵਾੜਾ ਵਿੱਚ ਨਾਗਰਿਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਲਗਾਤਾਰ ਨਿਗਰਾਨੀ ਤੇ ਸਮੇਂ ਸਿਰ ਮੁਕੰਮਲ ਹੋਣ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਤੱਕ ਵਿਕਾਸ ਦਾ ਲਾਭ ਪਹੁੰਚੇਗਾ।