- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ

ਡਾ. ਰਾਜ ਕੁਮਾਰ ਚੱਬੇਵਾਲ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਮੰਗ ਪੱਤਰ ਸੌਂਪਿਆ
ਇਸ ਸਥਾਨ ਦੇ ਵਿਕਸਤ ਹੋਣ ਨਾਲ ਪੰਜਾਬ ’ਚ ਧਾਰਮਿਕ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕਰਕੇ ਫਗਵਾੜਾ ਨੇੜਲੇ ਪਿੰਡ ਖਾਟੀ ਵਿਖੇ ਸਥਿਤ ਭਗਵਾਨ ਪਰਸ਼ੁਰਾਮ ਜੀ ਦੇ ਪਵਿੱਤਰ ਤਪ ਸਥਲ ਨੂੰ ਕੇਂਦਰ ਸਰਕਾਰ ਦੀ ‘ਪਿਲਗ੍ਰਿਮੇਜ ਰੀਜੂਵੀਨੇਸ਼ਨ ਐਂਡ ਸਪਿਰਿਚੂਅਲ, ਹੈਰੀਟੇਜ ਆਗਮੈਂਟੇਸ਼ਨ ਡਰਾਈਵ (ਪੀਆਰਏਐੱਸਐੱਚਏਡੀ) ਸਕੀਮ ਤਹਿਤ ਵਿਕਸਤ ਕਰਨ ਲਈ ਪ੍ਰਸਤਾਵ ਸੌਂਪਿਆ।
ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕੇਂਦਰੀ ਮੰਤਰੀ ਨੂੰ ਇਸ ਧਾਰਮਿਕ ਤੇ ਇਤਿਹਾਸਕ ਸਥਾਨ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਤਿਹਾਸਿਕ ਪਿਛੋਕੜ ਅਨੁਸਾਰ ਇਹ ਉਹ ਪਵਿੱਤਰ ਸਥਾਨ ਹੈ, ਜਿੱਥੇ ਭਗਵਾਨ ਪਰਸ਼ੁਰਾਮ ਜੀ ਨੇ ਤਪੱਸਿਆ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਤਪ ਸਥਲ ਪੰਜਾਬ ਤੇ ਗੁਆਂਢੀ ਰਾਜਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਆਸਥਾ ਦਾ ਕੇਂਦਰ ਹੈ ਤੇ ਇਸ ਨੂੰ ਇੱਕ ਪ੍ਰਮੁੱਖ ਧਾਰਮਿਕ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਣਾ ਸਮੇਂ ਦੀ ਮੁੱਖ ਮੰਗ ਹੈ। ਸੰਸਦ ਮੈਂਬਰ ਨੇ ਕਿਹਾ ਕਿ ਵਿਸ਼ੇਸ਼ ਧਾਰਮਿਕ ਮਹੱਤਤਾ ਵਾਲੇ ਇਸ ਸਥਾਨ 'ਤੇ ਯਾਤਰੀਆਂ ਤੇ ਸ਼ਰਧਾਲੂਆਂ ਲਈ ਲੋੜੀਂਦੇ ਬੁਨਿਆਦੀ ਢਾਂਚੇ ਦੀ ਘਾਟ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਧਾਰਮਿਕ ਸਥਾਨ ਨੂੰ ਪੀਆਰਏਐੱਸਐੱਚਏਡੀ ਸਕੀਮ ਵਿੱਚ ਸ਼ਾਮਲ ਕਰਕੇ ਸ਼ਰਧਾਲੂਆਂ ਲਈ ਲੋੜੀਂਦੀਆਂ ਸੁਵਿਧਾਵਾਂ ਦੇ ਵਿਕਾਸ ਵਾਸਤੇ ਵਿੱਤੀ ਸਹਾਇਤਾ ਦਿੱਤੀ ਜਾਵੇ।
ਡਾ. ਚੱਬੇਵਾਲ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਦੇਸ਼ ਦੀ ਅਧਿਆਤਮਕ ਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਹੋਵੇਗੀ ਤੇ ਪੰਜਾਬ ਵਿੱਚ ਧਾਰਮਿਕ ਸੈਰ-ਸਪਾਟੇ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਇਤਿਹਾਸਕ ਧਾਰਮਿਕ ਅਸਥਾਨ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਇਹ ਉੱਤਰੀ ਭਾਰਤ ਦਾ ਇੱਕ ਪ੍ਰਮੁੱਖ ਅਧਿਆਤਮਿਕ ਕੇਂਦਰ ਬਣ ਸਕੇ।
ਡਾ. ਚੱਬੇਵਾਲ ਦੀ ਮੰਗ 'ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਭਰੋਸਾ ਦਿੱਤਾ ਕਿ ਸੈਰ-ਸਪਾਟਾ ਮੰਤਰਾਲਾ ਇਸ ਪ੍ਰਸਤਾਵ ਦੀ ਤਜਵੀਜ਼ ਨੂੰ ਗਹੁ ਨਾਲ ਵਿਚਾਰਦਿਆਂ ਲੋੜੀਂਦਾ ਅਧਿਐਨ ਵੀ ਕਰਵਾਏਗਾ। ਉਨ੍ਹਾਂ ਕਿਹਾ ਕਿ ਮੰਤਰਾਲਾ ਪ੍ਰਸ਼ਾਦ ਸਕੀਮ ਰਾਹੀਂ ਦੇਸ਼ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਵਿਕਾਸ ਲਈ ਲਗਾਤਾਰ ਯਤਨ ਕਰ ਰਿਹਾ ਹੈ ਤੇ ਭਗਵਾਨ ਪਰਸ਼ੁਰਾਮ ਜੀ ਦੇ ਤਪ ਸਥਲ ਦੇ ਪ੍ਰਸਤਾਵ 'ਤੇ ਵੀ ਪੂਰੀ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ।