ਸਫ਼ਾਈ ਕਰਮਚਾਰੀਆਂ ਦੀਆਂ ਭਲਾਈ ਸਕੀਮਾਂ ਦਾ ਲਿਆ ਜਾਇਜ਼ਾ ਨੈਸ਼ਨਲ ਕਮਿਸ਼ਨ ਫਾਰ ਸਫਾਈ ਕਰਮਚਾਰੀਜ਼ ਦੇ ਮੈਂਬਰ ਵੱਲੋਂ ਸਫ਼ਾਈ ਕਰਮਚਾਰੀਆਂ ਦੀਆਂ ਭਲਾਈ ਸਕੀਮਾਂ ਦਾ ਜਾਇਜ਼ਾ
Publish Date: Tue, 22 Sep 2026 08:16 PM (IST)
Updated Date: Tue, 22 Sep 2026 08:18 PM (IST)
ਨੈਸ਼ਨਲ ਕਮਿਸ਼ਨ ਫਾਰ ਸਫ਼ਾਈ ਕਰਮਚਾਰੀ ਦੇ ਮੈਂਬਰ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਨੈਸ਼ਨਲ ਕਮਿਸ਼ਨ ਫਾਰ ਸਫਾਈ ਕਰਮਚਾਰੀ ਦੇ ਮੈਂਬਰ ਹਰਦੀਪ ਸਿੰਘ ਗਿੱਲ ਨੇ ਮੰਗਲਵਾਰ ਨੂੰ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਫ਼ਾਈ ਕਰਮਚਾਰੀਆਂ ਲਈ ਭਲਾਈ ਸਕੀਮਾਂ ਦੇ ਲਾਗੂਕਰਨ ਦਾ ਜਾਇਜ਼ਾ ਲਿਆ ਤੇ ਉਨ੍ਹਾਂ ਨੂੰ ਸਮੇਂ ਸਿਰ ਲਾਭ, ਸਮਾਜਿਕ ਸੁਰੱਖਿਆ ਤੇ ਮੁਸ਼ਕਲਾਂ ਦਾ ਹੱਲ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਨਗਰ ਨਿਗਮ ਦਫ਼ਤਰ ਵਿਖੇ ਹੋਈ ਇਸ ਮੀਟਿੰਗ ਦੌਰਾਨ, ਹਰਦੀਪ ਸਿੰਘ ਗਿੱਲ ਨੇ ਭਲਾਈ ਵਿਭਾਗ ਨੂੰ ਹੁਕਮ ਦਿੱਤੇ ਕਿ ਸਫ਼ਾਈ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਸੁਣਨ ਤੇ ਹੱਲ ਕਰਨ ਲਈ ਜ਼ਿਲ੍ਹਾ ਨਿਗਰਾਨੀ ਕਮੇਟੀ ਦੀ ਮੀਟਿੰਗ ਨਿਯਮਤ ਤੌਰ ਤੇ ਸੱਦੀ ਜਾਵੇ ਤੇ ਕਰਮਚਾਰੀਆਂ ਦੀ ਭਲਾਈ ਤੇ ਲਗਾਤਾਰ ਨਜ਼ਰ ਰੱਖਣ ਲਈ ਜ਼ਿਲ੍ਹਾ ਤੇ ਉਪ-ਮੰਡਲ ਪੱਧਰ ਤੇ ਕਮੇਟੀਆਂ ਦਾ ਗਠਨ ਵੀ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰ ਯੋਗ ਸਫ਼ਾਈ ਕਰਮਚਾਰੀ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਦਿੱਤਾ ਜਾਵੇ ਤੇ ਨਗਰ ਨਿਗਮ ਸਫ਼ਾਈ ਕਰਮਚਾਰੀਆਂ ਦੇ ਖਾਲੀ ਪਏ ਅਹੁਦੇ ਜਲਦੀ ਭਰੇ। ਉਨ੍ਹਾਂ ਇਸ ਗੱਲ ਤੇ ਵੀ ਸਖ਼ਤ ਜ਼ੋਰ ਦਿੱਤਾ ਕਿ ਕਿਸੇ ਵੀ ਹਾਲਤ ਵਿੱਚ ਹੱਥਾਂ ਨਾਲ ਮਲ ਚੁੱਕਣ (ਮੈਨੁਅਲ ਸਕੈਵੰਜਰਜ਼) ਦੀ ਪ੍ਰਥਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ। ਗਿੱਲ ਨੇ ਨਗਰ ਨਿਗਮ ਨੂੰ ਇਹ ਵੀ ਹਦਾਇਤ ਕੀਤੀ ਕਿ ਕਰਮਚਾਰੀਆਂ ਨੂੰ ਤਨਖ਼ਾਹਾਂ ਸਮੇਂ ਸਿਰ ਮਿਲਣ, ਬੀਮਾ ਕਵਰ ਦਿੱਤਾ ਜਾਵੇ ਤੇ ਕਮਿਸ਼ਨ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾ ਕੇ ਉਨ੍ਹਾਂ ਨੂੰ ਵੱਖ-ਵੱਖ ਭਲਾਈ ਸਕੀਮਾਂ ਬਾਰੇ ਸੰਵੇਦਨਸ਼ੀਲ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀ ਸਫ਼ਾਈ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ ਤੇ ਉਨ੍ਹਾਂ ਦੀ ਭਲਾਈ, ਸਨਮਾਨ ਤੇ ਸੁਰੱਖਿਆ ਸਰਕਾਰ ਦੀ ਮੁੱਖ ਪਹਿਲ ਹੋਣੀ ਚਾਹੀਦੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਫਗਵਾੜਾ, ਰਣਦੀਪ ਸਿੰਘ ਹੀਰ ਸਮੇਤ ਨਗਰ ਨਿਗਮ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।