ਧਾਰਮਿਕ ਸਥਾਨਾਂ ’ਤੇ ਚੋਰੀਆਂ ਕਰਨ ਵਾਲੇ ਗਿਰੋਹ ਦਾ ਇੱਕ ਮੈਂਬਰ ਕਾਬੂ ਧਾਰਮਿਕ ਸਥਾਨਾਂ ’ਤੇ ਚੋਰੀਆਂ ਕਰਨ ਵਾਲੇ ਗਿਰੋਹ ਦਾ ਇੱਕ ਮੈਂਬਰ ਕਾਬੂ
Publish Date: Tue, 13 Oct 2026 09:38 PM (IST)
Updated Date: Tue, 13 Oct 2026 09:39 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਸੁਲਤਾਨਪੁਰ ਲੋਧੀ : ਇਲਾਕੇ ਵਿੱਚ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਇੱਕ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ। ਪੁਲਿਸ ਨੇ ਮੰਦਿਰਾਂ ਤੇ ਹੋਰ ਧਾਰਮਿਕ ਸਥਾਨਾਂ ’ਤੇ ਚੋਰੀਆਂ ਕਰਨ ਵਾਲੇ ਕਥਿਤ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰਕੇ ਬੀਤੇ ਦਿਨੀਂ ਪ੍ਰਾਚੀਨ ਸਿੰਘ ਭਵਾਨੀ ਮੰਦਿਰ ਵਿੱਚ ਵਾਪਰੀ ਚੋਰੀ ਦੀ ਘਟਨਾ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦਵਿੰਦਰ ਪਾਲ ਨੇ ਦੱਸਿਆ ਕਿ ਏਐੱਸਆਈ ਸੰਤੋਖ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਇੱਕ ਦਰਗਾਹ ਵਿੱਚ ਚੋਰੀ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ। ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਮੌਕੇ ’ਤੇ ਪਹੁੰਚ ਕੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਦੀਪਕ ਕੁਮਾਰ ਪੁੱਤਰ ਸੁਖਵਿੰਦਰ ਪਾਲ, ਵਾਸੀ ਮੁਹੱਲਾ ਮੋਰੀ, ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਬੀਤੇ ਦਿਨੀਂ ਸਿੰਘ ਭਵਾਨੀ ਮੰਦਿਰ ਵਿੱਚ ਹੋਈ ਚੋਰੀ ਦੀ ਵਾਰਦਾਤ ਨੂੰ ਵੀ ਅੰਜਾਮ ਦੇਣ ਦੀ ਗੱਲ ਕਬੂਲ ਕੀਤੀ ਹੈ। ਪੁਲਿਸ ਅਨੁਸਾਰ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਲੋਹੇ ਦੇ ਸਰੀਏ ਦੀ ਮਦਦ ਨਾਲ ਮੰਦਿਰ ਦੇ ਮੁੱਖ ਗੇਟ ਤੇ ਗੋਲਕ ਦੇ ਤਾਲੇ ਤੋੜ ਕੇ ਗੋਲਕ ਵਿੱਚੋਂ ਨਕਦੀ ਚੋਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਜਾਰੀ ਹੈ।