ਕਰਵਾਚੌਥ ਦੇ ਮੌਕੇ 'ਤੇ ਮਹਿੰਦੀ ਤੇ ਨੇਲ ਆਰਟ ਦੇ ਸਟਾਲ ਲਗਾਏ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਕਰਵਾਚੌਥ ਦੇ ਮੌਕੇ 'ਤੇ ਮਹਿੰਦੀ ਅਤੇ ਨੇਲ ਆਰਟ ਦੇ ਸਟਾਲ ਲਗਾਏ
Publish Date: Thu, 29 Oct 2026 08:44 PM (IST)
Updated Date: Thu, 29 Oct 2026 08:46 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ ਦੇ ਕੌਸਮੈਟੋਲੋਜੀ ਵਿਭਾਗ ਵੱਲੋਂ ਮਹਿੰਦੀ ਤੇ ਨੇਲ ਆਰਟ ਦਾ ਸਟਾਲ ਲਗਾਇਆ ਗਿਆ। ਇਸ ਉਪਰਾਲੇ ਦਾ ਮੁੱਖ ਉਦੇਸ਼ ਵਿਦਿਆਰਥਣਾਂ ਦੇ ਕਲਾਤਮਕ ਹੁਨਰ ਨੂੰ ਉਤਸ਼ਾਹਿਤ ਕਰਨਾ ਤੇ ਉਨ੍ਹਾਂ ਨੂੰ ਸਵੈ-ਨਿਰਭਰ ਬਣਨ ਲਈ ਇੱਕ ਮੰਚ ਪ੍ਰਦਾਨ ਕਰਨਾ ਸੀ। ਸਟਾਲ ਦੌਰਾਨ ਵਿਦਿਆਰਥਣਾਂ ਨੇ ਆਪਣੀ ਕਲਾ ਤੇ ਸਿਰਜਣਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿੰਦੀ ਦੇ ਸੁੰਦਰ ਡਿਜ਼ਾਈਨ ਬਣਾਏ ਤੇ ਨੇਲ ਆਰਟ ਦੀਆਂ ਵੱਖ-ਵੱਖ ਤਕਨੀਕਾਂ ਪੇਸ਼ ਕੀਤੀਆਂ। ਵਿਦਿਆਰਥਣਾਂ ਨੇ ਉਤਸ਼ਾਹ ਨਾਲ ਮਹਿੰਦੀ ਲਗਵਾਈ ਤੇ ਨੇਲ ਆਰਟ ਕਰਵਾਈ, ਜਿਸ ਨਾਲ ਸਟਾਲ ਖਿੱਚ ਦਾ ਕੇਂਦਰ ਬਣਿਆ। ਕੌਸਮੈਟੋਲੋਜੀ ਵਿਭਾਗ ਦੇ ਮੈਡਮ ਪਲਕ ਦੇ ਯਤਨਾਂ ਸਦਕਾ ਵਿਦਿਆਰਥਣਾਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਤੇ ਵਿਹਾਰਕ ਤਜਰਬਾ ਹਾਸਲ ਕਰਨ ਦਾ ਮੌਕਾ ਮਿਲਿਆ। ਵਿਭਾਗ ਦੇ ਮੁਖੀ ਡਾ. ਪਰਮਜੀਤ ਕੌਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥਣਾਂ ਦੀ ਸਿਰਜਣਾਤਮਕਤਾ ਤੇ ਆਤਮ-ਵਿਸ਼ਵਾਸ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੂੰ ਆਪਣੇ ਹੁਨਰ ਨੂੰ ਅਮਲੀ ਰੂਪ ਵਿੱਚ ਪੇਸ਼ ਕਰਨ ਲਈ ਅਜਿਹੇ ਮੌਕੇ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਨਾਲ ਉਹ ਭਵਿੱਖ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਕੇ ਸਵੈ-ਨਿਰਭਰ ਬਣ ਸਕਦੀਆਂ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਜੀ ਨੇ ਇਸ ਉਪਰਾਲੇ ਲਈ ਮੈਡਮ ਪਲਕ, ਡਾ. ਪਰਮਜੀਤ ਕੌਰ ਤੇ ਸਮੁੱਚੇ ਕੌਸਮੈਟੋਲੋਜੀ ਵਿਭਾਗ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਉਨ੍ਹਾਂ ਵਿਦਿਆਰਥਣਾਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਕਈ ਹੱਥਾਂ ’ਤੇ ਸੁੰਦਰ ਮਹਿੰਦੀ ਡਿਜ਼ਾਈਨ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।