2 ਨੂੰ ਮੋਨੀ ਬਾਬਾ ਮੰਦਿਰ ਤੋਂ ਸਜਾਈ ਜਾਵੇਗੀ ਸ਼ੋਭਾ ਯਾਤਰਾ ਅਰੁਣ ਖੋਸਲਾ ਦੀ ਅਗਵਾਈ ‘ਚ ਹੋਈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ੋਭਾ ਯਾਤਰਾ ਦੀਆਂ ਤਿਆਰੀ ਸਬੰਧੀ ਮੀਟਿੰਗ
Publish Date: Mon, 10 Aug 2026 06:56 PM (IST)
Updated Date: Mon, 10 Aug 2026 06:59 PM (IST)
ਅਰੁਣ ਖੋਸਲਾ ਦੀ ਅਗਵਾਈ ‘ਚ ਹੋਈ ਤਿਆਰੀ ਸਬੰਧੀ ਮੀਟਿੰਗ ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਤੀ ਦੀ ਵਿਸ਼ੇਸ਼ ਮੀਟਿੰਗ ਕਮੇਟੀ ਪ੍ਰਧਾਨ ਅਰੁਣ ਖੋਸਲਾ ਦੀ ਅਗਵਾਈ ਹੇਠ ਗੀਤਾ ਭਵਨ ਮੰਦਿਰ ਕਟੈਹਰਾ ਚੌਕ ਫਗਵਾੜਾ ਵਿਖੇ ਹੋਈ, ਜਿਸ ਵਿੱਚ 2 ਸਤੰਬਰ ਦਿਨ ਬੁੱਧਵਾਰ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਸਜਾਈ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸ਼ਹਿਰ ਦੀਆਂ ਖਸਤਾ ਹਾਲ ਸੜਕਾਂ ਤੇ ਖਰਾਬ ਸਟਰੀਟ ਲਾਈਟਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ੋਭਾ ਯਾਤਰਾ ਵਾਲੇ ਰੂਟ ਮੋਨੀ ਬਾਬਾ ਮੰਦਿਰ ਤੋਂ ਗੁਰੂ ਹਰਗੋਬਿੰਦ ਨਗਰ, ਗੁੜ ਮੰਡੀ, ਗਾਂਧੀ ਚੌਕ, ਬਾਂਸਾਵਾਲ ਬਾਜਾਰ, ਗਉਸ਼ਾਲਾ ਰੋਡ, ਸਰਾਏ ਰੋਡ, ਬੰਗਾ ਰੋਡ ਵਿਖੇ ਲੋੜੀਂਦੇ ਸੜਕਾਂ ਦੀ ਮੁਰੰਮਤ ਦੇ ਕੰਮ ਜੰਗੀ ਪੱਧਰ ‘ਤੇ ਕਰਵਾਏ ਜਾਣ ਤੇ 4 ਸਤੰਬਰ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸੰਗਤ ਦੀ ਸਹੂਲਤ ਲਈ ਖਰਾਬ ਸਟਰੀਟ ਲਾਈਟਾਂ ਦੀ ਵੀ ਮੁਰੰਮਤ ਕਰਵਾਈ ਜਾਵੇ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਅਰੁਣ ਖੋਸਲਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ। ਖੋਸਲਾ ਅਨੁਸਾਰ 2 ਸਤੰਬਰ ਨੂੰ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਦੀ ਰਵਾਨਗੀ ਮੋਨੀ ਬਾਬਾ ਮੰਦਿਰ ਪੁਰਾਣੀ ਦਾਣਾ ਮੰਡੀ ਤੋਂ ਰਸਮੀ ਪੂਜਾ ਉਪਰੰਤ ਬਾਅਦ ਦੁਪਿਹਰ 3 ਵਜੇ ਹੋਵੇਗੀ। ਬੈਂਡ ਬਾਜੇ, ਢੋਲ ਨਗਾੜੇ ਤੇ ਸੁੰਦਰ ਝਾਕੀਆਂ ਸ਼ੋਭਾ ਯਾਤਰਾ ਦੀ ਰੌਣਕ ਵਧਾਉਣਗੀਆਂ। ਫਗਵਾੜਾ ਤੋਂ ਇਲਾਵਾ ਦਿੱਲੀ, ਕਰਨਾਲ ਕੁਰੂਕਸ਼ੇਤਰ, ਰਾਜਪੁਰਾ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਆਦਿ ਤੋਂ ਪੁੱਜ ਰਹੀਆਂ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਤ ਸੁੰਦਰ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੀਆਂ, ਜਿਸ ਤੋਂ ਬਾਅਦ 4 ਸਤੰਬਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਮੰਦਰਾਂ ਨੂੰ ਆਕਰਸ਼ਕ ਲਾਈਟਾਂ ਨਾਲ ਸਜਾਇਆ ਜਾਵੇਗਾ। ਸ਼ਰਧਾਲੂਆਂ ਦੇ ਸੁਆਗਤ ਲਈ ਸ਼ਾਮ ਨੂੰ ਸ਼ਹਿਰ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤੇ ਫਲ ਆਦਿ ਦੇ ਖੁੱਲ੍ਹੇ ਭੰਡਾਰੇ ਵਰਤਾਏ ਜਾਣਗੇ। ਉਨ੍ਹਾਂ ਜਿੱਥੇ ਸ਼ਹਿਰ ਵਾਸੀਆਂ ਤੇ ਮਾਰਕਿਟ ਕਮੇਟੀਆਂ ਨੂੰ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਦਾ ਸਵਾਗਤ ਫੁੱਲਾਂ ਦੀ ਵਰਖਾ ਤੇ ਲੰਗਰਾਂ ਨਾਲ ਕਰਨ ਦੀ ਅਪੀਲ ਕੀਤੀ, ਉੱਥੇ ਹੀ ਸਮੂਹ ਸੰਗਤਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਰਾਜਨੀਤਿਕ ਸ਼ਖਸੀਅਤਾਂ ਤੇ ਇਲਾਕਾ ਨਿਵਾਸੀਆਂ ਨੂੰ ਇਸ ਧਾਰਮਿਕ ਉਤਸਵ ਵਿੱਚ ਹਾਜ਼ਰੀ ਭਰ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਕ੍ਰਿਪਾ ਦੇ ਪਾਤਰ ਬਣਨ ਦਾ ਖੁੱਲ੍ਹਾ ਸੱਦਾ ਵੀ ਦਿੱਤਾ ਹੈ। ਇਸ ਮੌਕੇ ਵਿਨੋਦ ਸੂਦ, ਅਮਿਤ ਵਰਮਾ, ਮਨੀਸ਼ ਸੂਦ, ਰਮਨ ਨਹਿਰਾ, ਅਸ਼ੋਕ ਸ਼ਰਮਾ, ਅਮਨ ਅਰੋੜਾ, ਮਦਨ ਮੋਹਨ ਖੱਟੜ, ਮੁਕੇਸ਼ ਸ਼ਰਮਾ, ਰਾਕੇਸ਼ ਬਾਂਸਲ, ਸ਼ਿਵ ਕਨੋਜੀਆ, ਅਸ਼ਵਨੀ ਸੁਧੀਰ ਪ੍ਰਧਾਨ ਸ਼ਿਵ ਮੰਦਿਰ ਪੱਕਾ ਬਾਗ, ਪੰਡਿਤ ਮਹੇਸ਼ ਸ਼ਰਮਾ, ਸੁਮਿਤ ਵਰਮਾ, ਵਿਪਨ ਖੁਰਾਣਾ, ਬਿੱਟੂ ਵਾਲੀਆ, ਈਸ਼ੂ ਵਧਾਵਨ, ਸ਼ਸ਼ੀ ਕਾਲੀਆ, ਬਲਵੰਤ ਬਿੱਲੂ, ਗੁਰਦੀਪ ਕੰਗ, ਯੋਗੇਸ਼ ਪੰਡਿਤ ਤੋਂ ਇਲਾਵਾ ਸਾਰੇ ਮੰਦਿਰਾਂ ਦੇ ਪੁਜਾਰੀ ਤੇ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ।