ਮਾਸਟਰ ਕੇਡਰ ਯੂਨੀਅਨ ਨੇ ਡੀਐੱਸਈ ਨਾਲ ਕੀਤੀ ਮੀਟਿੰਗ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਡੀ. ਐਸ. ਈ. (ਸੈ) ਪੰਜਾਬ ਨਾਲ ਕੇਡਰ ਦੇ ਮਸਲਿਆਂ ਸੰਬੰਧੀ ਹੋਈ ਮੀਟਿੰਗ
Publish Date: Fri, 27 Nov 2026 07:26 PM (IST)
Updated Date: Fri, 27 Nov 2026 07:28 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਵਫਦ ਨੇ ਸੂਬਾ ਸਰਪ੍ਰਸਤ ਹਰਭਜਨ ਸਿੰਘ ਤੇ ਫਾਊਂਡਰ ਮੈਂਬਰ ਵਾਸ਼ਿੰਗਟਨ ਸਿੰਘ ਸਮੀਰੋਵਾਲ ਦੀ ਅਗਵਾਈ ਵਿੱਚ ਮਾਨਯੋਗ ਡੀਐੱਸਈ (ਸੈ) ਪੰਜਾਬ ਸਕੱਤਰ ਸਿੰਘ ਬੱਲ ਨਾਲ ਉਨ੍ਹਾਂ ਦੇ ਦਫਤਰ ’ਚ ਮੀਟਿੰਗ ਕੀਤੀ। ਮੀਟਿੰਗ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ ਤੇ ਸੂਬਾ ਮੀਤ ਪ੍ਰਧਾਨ ਹਰਪ੍ਰੀਤ ਖੁੰਡਾ ਨੇ ਦੱਸਿਆ ਕਿ ਮੀਟਿੰਗ ਵਿੱਚ 4161 ਭਰਤੀ ਤਹਿਤ ਟਰਮੀਨੇਟ ਕੀਤੇ ਗਏ 253 ਅਧਿਆਪਕਾਂ ਦੇ ਟਰਮੀਨੇਸ਼ਨ ਆਰਡਰ ਰੱਦ ਕਰਨ ਸਬੰਧੀ ਮੰਗ ਰੱਖੀ ਗਈ, ਜਿਸ ’ਤੇ ਡੀਪੀਆਈ ਵੱਲੋਂ ਵਫ਼ਦ ਨੂੰ ਭਰੋਸਾ ਦਿੱਤਾ ਗਿਆ ਕਿ 21 ਦਸੰਬਰ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਮਾਸਟਰ ਕੇਡਰ ਤੋਂ ਲੈਕਚਰਾਰ ਤੇ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਕਰਨ ਦੀ ਜਥੇਬੰਦੀ ਵੱਲੋਂ ਮੰਗ ਰੱਖੀ ਗਈ, ਜਿਸ ਦੇ ਸਬੰਧ ਵਿੱਚ ਡੀਐੱਸਈ ਨੇ ਦੱਸਿਆ ਗਿਆ ਕਿ ਮਾਨਯੋਗ ਹਾਈਕੋਰਟ ਵੱਲੋਂ ਸਟੇਅ ਲੱਗੀ ਹੋਈ ਹੈ, ਇਨ੍ਹਾਂ ਪ੍ਰਮੋਸ਼ਨਾਂ ’ਤੇ ਜਥੇਬੰਦੀ ਦੇ ਜ਼ੋਰ ਦੇਣ ’ਤੇ ਡੀਪੀਆਈ ਨੇ ਹਾਈ ਕੋਰਟ ਵਿੱਚ ਸਟੇਅ ਰੱਦ ਕਰਾਉਣ ਲਈ ਜਲਦ ਅਰਜ਼ੀ ਲਗਾਉਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਈਟੀਟੀ ਤੋਂ ਮਾਸਟਰ ਕੇਡਰ ਵਿੱਚ ਹੋਈਆਂ ਤਰੱਕੀਆਂ ਦੀਆਂ ਰਹਿੰਦੀਆਂ ਐਡਜਸਟਮੈਂਟਾਂ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਜਿਨ੍ਹਾਂ ਦੀਆਂ ਅਡਜਸਟਮੈਂਟਾਂ ਨਹੀਂ ਹੋਈਆਂ ਉਹ ਹੁਣ ਵੀ ਆਪਣੇ ਅਲਾਟ ਹੋਏ ਸਟੇਸ਼ਨ ’ਤੇ ਜੁਆਇਨ ਕਰ ਸਕਦੇ ਹਨ, ਸਕੂਲਾਂ ਵਿੱਚ ਕਲਰਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਜਲਦ ਹੀ ਕਲਰਕ ਭਰਤੀ ਕੀਤੇ ਜਾਣਗੇ। ਮੀਟਿੰਗ ਦੌਰਾਨ ਭਰੋਸਾ ਦਿੱਤਾ ਗਿਆ ਕਿ ਪਿਛਲੇ ਸਾਲ ਦੇ ਪੀਡੀਐੱਸ 41 ਤੇ ਈਡੀਐੱਸ 83 ਦੇ ਪੈਂਡਿੰਗ ਬਿੱਲ ਜੋ ਬਕਾਇਆ ਪਏ ਹਨ, ਉਨ੍ਹਾਂ ਸਬੰਧੀ ਵੀ ਡੀਪੀਆਈ ਵੱਲੋਂ ਦੱਸਿਆ ਗਿਆ ਕਿ 50 ਕਰੋੜ ਰੁਪਏ ਦੇ ਉਪਰੋਕਤ ਬਿੱਲ ਪਾਸ ਹੋ ਗਏ ਹਨ। ਸਾਰੇ ਹੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਮਾਜਿਕ ਸਿੱਖਿਆ ਤੋਂ ਅੰਗਰੇਜ਼ੀ ਦੀ ਇੱਕ ਅਸਾਮੀ ਬਦਲ ਕੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਐੱਸਐੱਸਏ/ਰਮਸਾ ਅਧਿਆਪਕਾਂ ਦੀਆਂ ਅਚਨਚੇਤ ਛੁੱਟੀਆਂ ਸੰਬੰਧੀ, ਮੈਡੀਕਲ ਬਿਲਾਂ ਸਬੰਧੀ, ਅਧਿਆਪਕਾਂ ਦੀਆਂ ਡਬਲ ਡਿਊਟੀਆਂ ਸੰਬੰਧੀ, ਗ੍ਰਾਂਟਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਐੱਸਐੱਸਏ/ਰਮਸਾ ਦੇ ਅਕਾਊਂਟੈਂਟ ਦਾ ਜਿਹੜਾ ਡੀਏ 181 ਤੋਂ 221 ਹੋਇਆ ਉਸ ਦਾ ਵੀ ਪੱਤਰ ਜਲਦ ਜਾਰੀ ਕਰਨ ਦਾ ਭਰੋਸਾ ਦਿੱਤਾ। ਅੱਜ ਦੀ ਇਸ ਮੀਟਿੰਗ ਦੇ ਵਿੱਚ ਸਹਾਇਕ ਡਾਇਰੈਕਟਰ ਪ੍ਰਮੋਸ਼ਨ ਮਹੇਸ਼ ਕਪਲਾ ਵੀ ਸ਼ਾਮਲ ਸਨ। ਮੀਟਿੰਗ ਦੌਰਾਨ ਯੂਨੀਅਨ ਦੇ ਵਫਦ ਵਿੱਚ ਸੂਬਾ ਇਕਾਈ ਮੈਂਬਰ ਅਵਤਾਰ ਸਿੰਘ ਧਨੋਆ, ਗੁਰਪ੍ਰੀਤ ਸਿੰਘ ਲੁਧਿਆਣਾ, ਬਲਵਿੰਦਰ ਸਿੰਘ ਫਾਜ਼ਿਲਕਾ, ਸਵਰਨ ਸਿੰਘ ਲੁਧਿਆਣਾ, ਰਾਜਵਿੰਦਰ ਸਿੰਘ ਲੁਧਿਆਣਾ, ਹਰਦੇਵ ਸਿੰਘ ਤੇ ਹੋਰ ਸਾਥੀ ਸ਼ਾਮਲ ਸਨ।