ਸ਼੍ਰੋਮਣੀ ਰੰਘਰੇਟਾ ਦਲ (ਟਕਸਾਲੀ) ਨੇ ਕੀਤਾ ਵਿਚਾਰ-ਵਟਾਂਦਰਾ ਸ਼੍ਰੋਮਣੀ ਰੰਘਰੇਟਾ ਦਲ (ਟਕਸਾਲੀ) ਦੀ ਮੀਟਿੰਗ ਆਯੋਜਿਤ
Publish Date: Mon, 19 Oct 2026 10:16 PM (IST)
Updated Date: Mon, 19 Oct 2026 10:18 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੋਮਣੀ ਰੰਘਰੇਟਾ ਦਲ (ਟਕਸਾਲੀ) ਦੀ ਇੱਕ ਅਹਿਮ ਮੀਟਿੰਗ ਪਾਰਟੀ ਆਗੂ ਅਮਰਜੀਤ ਈਦਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਪਾਰਟੀ ਦੀਆਂ ਸਮਾਜਿਕ ਤੇ ਜਨ-ਭਲਾਈ ਗਤੀਵਿਧੀਆਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਰਜੀਤ ਈਦਾ ਨੇ ਕਿਹਾ ਕਿ ਸ਼੍ਰੋਮਣੀ ਰੰਘਰੇਟਾ ਦਲ (ਟਕਸਾਲੀ) ਸਿਰਫ਼ ਇੱਕ ਰਾਜਨੀਤਿਕ ਜਥੇਬੰਦੀ ਨਹੀਂ, ਸਗੋਂ ਸਮਾਜ ਸੇਵਾ ਨੂੰ ਸਮਰਪਿਤ ਇੱਕ ਅਜਿਹੀ ਸੰਸਥਾ ਹੈ ਜੋ ਹਰ ਵੇਲੇ ਲੋੜਵੰਦ, ਗਰੀਬ ਤੇ ਪੀੜਤ ਲੋਕਾਂ ਦੀ ਸਹਾਇਤਾ ਲਈ ਵਚਨਬੱਧ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸਮਾਜ ਵਿੱਚ ਵੱਧ ਰਹੀਆਂ ਨਸ਼ਾਖੋਰੀ, ਸਮਾਜਿਕ ਅਸਮਾਨਤਾਵਾਂ, ਬੇਰੁਜ਼ਗਾਰੀ ਤੇ ਹੋਰ ਬੁਰੀਆਂ ਅਲਾਮਤਾਂ ਨੂੰ ਖਤਮ ਕਰਨ ਲਈ ਲਗਾਤਾਰ ਯਤਨ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਕਾਰਾਤਮਕ ਦਿਸ਼ਾ ਵੱਲ ਪ੍ਰੇਰਿਤ ਕਰਨਾ ਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨਾ ਪਾਰਟੀ ਦੇ ਮੁੱਖ ਉਦੇਸ਼ਾਂ ਵਿੱਚ ਸ਼ਾਮਲ ਹੈ। ਇਸ ਮੌਕੇ ਸੰਗਠਨ ਦੇ ਵਿਸਥਾਰ ਨੂੰ ਧਿਆਨ ਵਿੱਚ ਰੱਖਦਿਆਂ ਮਹੱਤਵਪੂਰਨ ਨਿਯੁਕਤੀਆਂ ਵੀ ਕੀਤੀਆਂ ਗਈਆਂ। ਪਾਰਟੀ ਦੀਆਂ ਸੇਵਾਵਾਂ ਤੇ ਸਰਗਰਮ ਭੂਮਿਕਾ ਨੂੰ ਦੇਖਦਿਆਂ ਪਰਮਜੀਤ ਸਿੰਘ ਔਜਲਾ ਨੂੰ ਸ਼੍ਰੋਮਣੀ ਰੰਘਰੇਟਾ ਦਲ (ਟਕਸਾਲੀ) ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਨਿਯੁਕਤੀ ਦਾ ਐਲਾਨ ਹੁੰਦਿਆਂ ਹੀ ਹਾਜ਼ਰ ਵਰਕਰਾਂ ਵੱਲੋਂ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਤੇ ਵਧਾਈਆਂ ਦਿੱਤੀਆਂ ਗਈਆਂ। ਨਵ-ਨਿਯੁਕਤ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਔਜਲਾ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਉੱਤੇ ਜਤਾਏ ਗਏ ਭਰੋਸੇ ਨੂੰ ਕਾਇਮ ਰੱਖਣ ਲਈ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਏ ਸੁਰਜੀਤ ਸਿੰਘ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤੋਖ ਸਿੰਘ ਭੋਰ, ਸੋਨੂੰ ਭੁਲਾਣਾ, ਰਮਜਾਨ ਹੂਸੈਨ, ਰਾਹੁਲ ਮੰਗਾ ਰੋਡਾ, ਲੱਕੀ ਭੁਲਾਣਾ, ਮੰਨੀ ਵਾਣਵਾਲਾ, ਲੱਵ, ਅਨਮੋਲ, ਕਰਨ, ਰਾਹੁਲ ਘਾਰੂ ਤੇ ਹੋਰ ਆਗੂ ਹਾਜ਼ਰ ਸਨ।