ਆਪ ਸਰਕਾਰ ਦਾ ਬਿਸਤਰਾ ਗੋਲ ਕਰਨਗੇ ਮੁਲਾਜ਼ਮ : ਸੰਜੀਵ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਦੇ ਹਲਕੇ ’ਚ 26 ਨੂੰ ਹੋਣ ਵਾਲੀ ਰੈਲੀ ਸਬੰਧੀ ਕੀਤੀ ਮੀਟਿੰਗ
Publish Date: Tue, 11 Aug 2026 09:45 PM (IST)
Updated Date: Tue, 11 Aug 2026 09:47 PM (IST)
ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਦੇ ਹਲਕੇ ’ਚ 26 ਨੂੰ ਹੋਣ ਵਾਲੀ ਰੈਲੀ ਸਬੰਧੀ ਕੀਤੀ ਮੀਟਿੰਗ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਅੱਜ ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੇ ਜ਼ਿਲ੍ਹਾ ਆਗੂਆਂ ਦੀ ਵਿਸ਼ੇਸ਼ ਮੀਟਿੰਗ ਸੂਬਾ ਪ੍ਰੈੱਸ ਸਕੱਤਰ ਸੰਜੀਵ ਕੌਂਡਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੰਜੀਵ ਕੌਂਡਲ ਨੇ 7 ਅਗਸਤ ਵਾਲੀ ਚੰਡੀਗੜ੍ਹ ਰੈਲੀ ਨੂੰ ਸਫ਼ਲ ਬਣਾਉਣ ਲਈ ਸਮੂਹ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਤੇ ਇਸ ਮਹਾਰੈਲੀ ਨੂੰ ਇਤਿਹਾਸਕ ਰੈਲੀ ਨੂੰ ਬਣਾਉਣ ’ਤੇ ਵਧਾਈ ਦਿੱਤੀ। ਕੌਂਡਲ ਨੇ ਦੱਸਿਆ ਕਿ ਹੁਣ ਯੂਨੀਅਨ ਨੇ ਜਲ ਸਪਲਾਈ ਮੰਤਰੀ ਹਰਦੀਪ ਮੁੰਡੀਆਂ ਦੇ ਹਲਕੇ ਵਿੱਚ 26 ਅਗਸਤ ਨੂੰ ਹੋਣ ਵਾਲੀ ਰੈਲੀ ਤੇ ਸਾਰਿਆਂ ਨੂੰ ਜਾਣ ਲਈ ਲਾਮਬੰਦ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਯੂਨੀਅਨ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਿਰਫ਼ ਲਾਰਾ ਲੱਪਾ ਲਗਾਇਆ ਜਾ ਰਿਹਾ ਹੈ। ਯੂਨੀਅਨ ਦੀਆਂ ਮੰਗਾਂ ਵਿੱਚ ਇਨਲਿਸਟਮੈਂਟ ਵਾਲੇ ਕਾਮਿਆਂ ਨੂੰ ਮਹਿਕਮੇ ਵਿਚ ਲਿਆਉਣਾ, ਮਸਟਰੋਲ ਵਾਲੇ ਕਾਮਿਆਂ ਨੂੰ ਰੈਗੂਲਰ ਕਰਨਾ, ਦਰਜਾ ਚਾਰ ਕੁਆਲੀਫਾਈ ਤੇ ਅਣਕੁਆਲੀਫਾਈ ਨੂੰ ਪ੍ਰਮੋਟ ਕਰਨਾ, 20:30:50 ਪਲੇਸਮੈਂਟ ’ਤੇ 2 ਇੰਕਰੀਮੈਂਟ ਦਾ ਲਾਭ ਦੇਣਾ, ਸਾਰੇ ਡਿਪਲੋਮਾ ਪਾਸ ਮੁਲਾਜ਼ਮਾਂ ਨੂੰ ਪ੍ਰਮੋਟ ਕਰਨਾ, ਡਿਪਲੋਮਾ ਪਾਸ ਮੁਲਾਜ਼ਮਾਂ ਦੇ ਜਾਰੀ ਸ਼ੋਅਕਾਜ ਨੋਟਿਸ ਰੱਦ ਕਰਨਾ ਆਦਿ ਬਿਲਕੁੱਲ ਜਾਇਜ਼ ਮੰਗਾਂ ਹਨ ਕਿਉਂਕਿ ਜਿਹੜਾ ਵਰਲਡ ਬੈਂਕ ਸਕੀਮਾਂ ਦਾ ਮੈਨੁਅਲ ਦੀ ਡਿਊਟੀ ਕਾਰਨ ਟਾਈਮ ਕਲੇਸ਼ ਦਾ ਨੋਟਿਸ ਜਾਰੀ ਕੀਤਾ ਹੈ, ਉਹ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਰੈਗੂਲਰ ਕਰਮਚਾਰੀਆਂ ’ਤੇ ਲਾਗੂ ਨਹੀਂ ਹੁੰਦਾ ਤੇ ਨਾ ਹੀ ਮਹਿਕਮੇ ਨੇ ਕਦੇ ਮੁਲਾਜ਼ਮਾਂ ਨੂੰ ਇਸ ਦੇ ਆਰਡਰ ਜਾਰੀ ਕੀਤੇ ਹਨ। ਦਰਜਾ ਚਾਰ ਕਰਮਚਾਰੀਆਂ ਨੂੰ ਵਰਦੀਆਂ ਦੇ ਪੈਸੇ ਤਨਖਾਹ ਨਾਲ ਲਗਾ ਕੇ ਦਿੱਤੇ ਜਾਣ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਕਾਮਿਆਂ ਨੂੰ ਵਰਦੀਆਂ ਦੇ ਪੈਸੇ ਹੀ ਨਹੀਂ ਮਿਲਦੇ, ਫੀਲਡ ਕਾਮਿਆਂ ਨੂੰ ਕੋਈ ਵੀ ਹਫਤਾਵਾਰੀ ਛੁੱਟੀ ਤੇ ਤਿਓਹਾਰੀ ਛੁੱਟੀ ਨਹੀਂ ਮਿਲਦੀ ਕਿਉਂਕਿ ਸਟਾਫ ਦੀ ਬਹੁਤ ਜ਼ਿਆਦਾ ਕਮੀ ਹੈ। ਯੂਨੀਅਨ ਦੀ ਮੰਗ ਹੈ ਕਿ ਫੀਲਡ ਸਟਾਫ ਦੀ ਭਰਤੀ ਕੀਤੀ ਜਾਵੇ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਆਦਿ ਮੰਗਾਂ ਹਨ ਜੇਕਰ ਇਹ ਮੰਗਾਂ ਪੂਰੀਆਂ ਨਾਂ ਕੀਤੀਆਂ ਤਾਂ 26 ਅਗਸਤ ਦੀ ਰੈਲੀ ਦੌਰਾਨ ਹੀ ਅਗਲੇ ਸ਼ੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਸੂਬੇ ਦੇ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਹੈ ਤੇ ਜੇਕਰ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਮੁਲਾਜ਼ਮ ਹੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਲੈ ਕੇ ਆਏ ਸੀ ਤੇ ਮੁਲਾਜ਼ਮ ਹੀ 2027 ਵਿੱਚ ਆਮ ਆਦਮੀ ਪਾਰਟੀ ਦਾ ਬਿਸਤਰਾ ਗੋਲ ਕਰਨਗੇ ਤੇ ਰਹੀ ਗੱਲ 18 ਪ੍ਰਤੀਸ਼ਤ ਡੀਏ ਦੀ ਉਹ ਤਾਂ ਕੋਰਟ ਰਾਹੀਂ ਲੈ ਕੇ ਹੀ ਰਹਾਂਗੇ। ਇਸ ਮੌਕੇ ਰਾਜਨ ਕੁਮਾਰ, ਭੋਪਾਲ ਸਿੰਘ, ਭੁਪਿੰਦਰ ਸਿੰਘ, ਰੌਸ਼ਨ ਲਾਲ, ਰਾਧੇ ਸ਼ਾਮ, ਅਮਨਦੀਪ ਸਿੰਘ, ਜਸਵੰਤ ਰਾਏ, ਸੁਨੀਲ ਕੁਮਾਰ, ਮਨੋਜ ਕੁਮਾਰ ਤੇ ਜਸਵੰਤ ਸਿੰਘ ਆਦਿ ਮੈਂਬਰ ਹਾਜ਼ਰ ਹੋਏ।