ਇੰਪਲਾਈਜ਼ ਫੈੱਡਰੇਸ਼ਨ ਨੇ ਡਾਇਰੈਕਟਰ ਸਿੱਖਿਆ ਵਿਭਾਗ ਨੂੰ ਦੱਸੀਆਂ ਸਮੱਸਿਆਵਾਂ ਇੰਪਲਾਈਜ਼ ਫੈਡਰੇਸ਼ਨ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ ਨਾਲ ਮੁਲਾਜ਼ਮ ਮਸਲਿਆਂ ਸਬੰਧੀ ਕੀਤੀ ਮੀਟਿੰਗ
Publish Date: Thu, 06 Aug 2026 09:20 PM (IST)
Updated Date: Thu, 06 Aug 2026 09:22 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਗਜ਼ਟਿਡ ਤੇ ਨਾਨ ਗਜ਼ਟਿਡ ਐੱਸਸੀ/ਬੀਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦਾ ਇੱਕ ਵਫਦ ਕੁਲਵਿੰਦਰ ਸਿੰਘ ਬੋਦਲ ਪੰਜਾਬ ਪ੍ਰਧਾਨ, ਬਲਰਾਜ ਕੁਮਾਰ ਉਪ ਚੇਅਰਮੈਨ ਤੇ ਸਤਵੰਤ ਟੂਰਾ ਸੀਨੀਅਰ ਉਪ ਪ੍ਰਧਾਨ ਪੰਜਾਬ ਦੀ ਅਗਵਾਈ ਅਧੀਨ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਸਕੱਤਰ ਸਿੰਘ ਬੱਲ ਪੀਸੀਐੱਸ ਨੂੰ ਮਿਲਿਆ, ਜਿਸ ਵਿੱਚ ਏਜੰਡੇ ਅਨੁਸਾਰ ਲੈਕਚਰਾਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਤਰੱਕੀਆਂ 31 ਅਗਸਤ ਤੱਕ ਕਰਕੇ ਅਧਿਆਪਕ ਵਰਗ ਨੂੰ ਅਧਿਆਪਕ ਦਿਵਸ ’ਤੇ ਤੋਹਫਾ਼ ਦੇਣ ਦੀ ਅਪੀਲ ਕੀਤੀ ਗਈ ਤੇ ਇਨ੍ਹਾਂ ਤਰੱਕੀਆਂ ਵਿੱਚ ਰੋਸਟਰ ਨੁਕਤਿਆਂ ਤੇ ਬੈਕਲਾਗ ਨੂੰ ਧਿਆਨ ਵਿੱਚ ਰੱਖਣ ਲਈ ਅਪੀਲ ਕੀਤੀ ਗਈ। ਇਸੇ ਤਰ੍ਹਾਂ ਵੱਖ-ਵੱਖ ਕਾਡਰ ਦੀਆਂ ਤਰੱਕੀਆਂ ਜਿਨ੍ਹਾਂ ਵਿੱਚ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਲਈ ਤੇ ਮਾਸਟਰ ਕਾਡਰ ਤੋਂ ਹੈੱਡ ਮਾਸਟਰਾਂ ਤੇ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਤਰੱਕੀਆਂ ਕਰਨ ਲਈ ਜ਼ੋਰ ਪਾਇਆ ਗਿਆ, ਕਿਉਂਕਿ ਸੈਕੰਡਰੀ ਸਕੂਲਾਂ ਤੇ ਬਹੁਤ ਸਾਰੇ ਹਾਈ ਤੇ ਮਿਡਲ ਸਕੂਲਾਂ ਵਿੱਚ ਹਜ਼ਾਰਾਂ ਹੀ ਪੋਸਟਾਂ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਤੇ ਲੈਕਚਰਾਰਾਂ ਦੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਇਨ੍ਹਾਂ ਤਰੱਕੀਆਂ ਨਾਲ ਅਧਿਆਪਕ ਵਰਗ ਦੇ ਨਾਲ ਇਨਸਾਫ਼ ਹੋਵੇਗਾ, ਉੱਥੇ ਹੀ ਬੱਚਿਆਂ ਦੀ ਪੜ੍ਹਾਈ ਵੀ ਵਧੀਆ ਹੋਵੇਗੀ, ਸਰਕਾਰ ਦੇ ਡਰੀਮ ਪ੍ਰੋਜੈਕਟ ਸਕੂਲ ਆਫ ਐਮੀਨੈਂਸ ਵਿੱਚ ਬਦਲੀਆਂ ਦਾ ਵਿਸ਼ੇਸ਼ ਮੌਕਾ ਦੇ ਕੇ ਖਾਲੀ ਪੋਸਟਾਂ ਨੂੰ ਭਰਨ ਲਈ ਫੈੱਡਰੇਸ਼ਨ ਵੱਲੋਂ ਜ਼ੋਰਦਾਰ ਮੰਗ ਉਠਾਈ ਗਈ ਤਾਂ ਕਿ ਇਨ੍ਹਾਂ ਸਕੂਲਾਂ ਵਿੱਚ ਕੋਈ ਵੀ ਪੋਸਟ ਖਾਲੀ ਨਾ ਰਹੇ ਕਿਉਂਕਿ ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤੇ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਿਆ ਜਾਵੇ। ਬਹੁਤ ਸਾਰੇ ਲੈਕਚਰਾਰ ਜਿਨ੍ਹਾਂ ਨੇ 2024 ਵਿੱਚ ਤਰੱਕੀ ਪ੍ਰਾਪਤ ਕੀਤੀ, ਪਰ ਲੈਕਚਰਾਰਾਂ ਦੀ ਨਵੀਂ ਬਣੀ ਨਵੰਬਰ 2025 ਦੀ ਸੀਨੀਆਰਤਾ ਸੂਚੀ ਵਿੱਚ ਜੋ ਨਾਮ ਸ਼ਾਮਲ ਨਹੀਂ ਕੀਤੇ ਗਏ, ਉਨ੍ਹਾਂ ਦੇ ਨਾਮ ਸ਼ਾਮਲ ਕਰਵਾਉਣਾ, 2016 ਵਿੱਚ ਅਪਗ੍ਰੇਡ ਕੀਤੇ ਗਏ ਹਾਈ ਤੇ ਸੈਕੰਡਰੀ ਸਕੂਲਾਂ ਵਿੱਚ ਕੰਪਿਊਟਰ ਅਧਿਆਪਕਾਂ ਦੀਆਂ ਪੋਸਟਾਂ ਵਿੱਚ ਵਾਧਾ ਕਰਨ ਸਬੰਧੀ, 4161 ਪੋਸਟਾਂ ਅਧੀਨ ਭਰਤੀ ਕੀਤੇ ਗਏ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਵਿੱਚੋਂ 253 ਅਧਿਆਪਕਾਂ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਨੂੰ ਕੁਦਰਤੀ ਨਿਆਂ ਪ੍ਰਣਾਲੀ ਅਧੀਨ ਲਿਆ ਕੇ ਵਿਭਾਗ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਖਾਲੀ ਪੋਸਟਾਂ ਉੱਪਰ ਐਡਜਸਟ ਕਰਨ ਸਬੰਧੀ ਫੈੱਡਰੇਸ਼ਨ ਵੱਲੋਂ ਜ਼ੋਰ ਪਾਇਆ ਗਿਆ। ਇਸੇ ਤਰ੍ਹਾਂ ਰੋਸਟਰ ਰਜਿਸਟਰਾਂ ਨੂੰ ਚੈੱਕ ਕਰਨ ਦੇ ਲਈ ਰੋਸਟਰ ਕਮੇਟੀਆਂ ਬਣਾਉਣ ਸਬੰਧੀ, ਲੈਕਚਰਾਰਾਂ ਦੀ ਨਵੰਬਰ 2025 ਵਿੱਚ ਨਵੀਂ ਬਣੀ ਸੀਨੀਆਰਤਾ ਸੂਚੀ ਦੇ ਰਿਵਿਊ ਅਨੁਸਾਰ ਵਿੱਤੀ ਲਾਭ ਦੇਣ ਦਾ ਪੱਤਰ ਜਾਰੀ ਕਰਨ ਲਈ, ਸਾਇੰਸ ਤੇ ਕਾਮਰਸ ਗਰੁੱਪ ਚੱਲਦੇ ਸਕੂਲਾਂ ਵਿੱਚ ਸਾਰੇ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਸਾਰੇ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਪੋਸਟਾਂ ਦੇਣ ਆਦਿ ਦੇ ਮੁੱਖ ਏਜੰਡੇ ’ਤੇ ਡਾਇਰੈਕਟਰ, ਸਕੂਲ ਸਿੱਖਿਆ ਵਿਭਾਗ ਸਕੱਤਰ ਸਿੰਘ ਬੱਲ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਹੋਈ। ਫੈੱਡਰੇਸ਼ਨ ਵੱਲੋਂ ਆਪਣੀਆਂ ਜਾਇਜ਼ ਤੇ ਸੰਵਿਧਾਨਕ ਮੰਗਾਂ ਸਬੰਧੀ ਡਾਇਰੈਕਟ ਸਾਹਿਬ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਵਫ਼ਦ ਵਿੱਚ ਬਲਦੇਵ ਸਿੰਘ ਧੁੱਗਾ ਸੀਨੀਅਰ ਉਪ ਪ੍ਰਧਾਨ, ਬਲਜੀਤ ਸਿੰਘ, ਮਨਜੀਤ ਗਾਟ, ਬਲਵਿੰਦਰ ਨਿਧੱੜਕ, ਗੁਰਜਿੰਦਰ ਪਾਲ ਸਿੰਘ ਵਿੱਤ ਸਕੱਤਰ ਪੰਜਾਬ, ਸੁਖਵਿੰਦਰ ਸਿੰਘ ਤੇ ਅਸ਼ੋਕ ਮੂਲ ਨਿਵਾਸੀ ਆਦਿ ਹਾਜ਼ਰ ਸਨ।