ਮੀਟਿੰਗ ’ਚ ਸਾਰਥਕ ਹੱਲ ਨਾ ਨਿਕਲਿਆ ਤਾਂ ਸੰਘਰਸ਼ ਹੋਵੇਗਾ ਤੇਜ਼ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਵੱਲੋਂ ਯੂਨੀਅਨ ਦੇ ਨੁਮਾਇੰਦਿਆਂ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਅੱਜ
Publish Date: Sun, 20 Sep 2026 09:00 PM (IST)
Updated Date: Sun, 20 Sep 2026 09:02 PM (IST)
ਐੱਸਸੀ/ਬੀਸੀ ਅਧਿਆਪਕ ਯੂਨੀਅਨ ਦੀ ਸਹਿਕਾਰਤਾ ਵਿਭਾਗ ਨਾਲ ਮੀਟਿੰਗ ਅੱਜ ਸੁੱਖੀ ਟਿੱਬਾ ਪੰਜਾਬੀ ਜਾਗਰਣ ਹੁਸੈਨਪੁਰ : ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਐੱਸਸੀ/ਬੀਸੀ ਵਰਗਾਂ ਦੇ ਹੱਕਾਂ ਨਾਲ ਸਬੰਧਤ ਵੱਖ-ਵੱਖ ਮੰਗਾਂ ਤੇ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਖਾਸ ਤੌਰ ’ਤੇ 1,013 ਲੈਕਚਰਾਰਾਂ ਦੀ ਸਿੱਧੀ ਭਰਤੀ ਵਿੱਚ ਐੱਸਸੀ/ਬੀਸੀ ਵਰਗਾਂ ਨੂੰ ਬਣਦਾ ਕੋਟਾ ਨਾ ਦੇਣ ਦੇ ਵਿਰੋਧ ਵਿੱਚ ਯੂਨੀਅਨ ਵੱਲੋਂ ਆਵਾਜ਼ ਉਠਾਈ ਜਾ ਰਹੀ ਹੈ। ਇਸੇ ਸੰਬੰਧ ਵਿੱਚ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਪੰਜਾਬ ਵੱਲੋਂ ਯੂਨੀਅਨ ਦੇ ਨੁਮਾਇੰਦਿਆਂ ਨਾਲ 21 ਸਤੰਬਰ 2026 ਨੂੰ ਸਵੇਰੇ 11:00 ਵਜੇ ਪੰਜਾਬ ਭਵਨ, ਚੰਡੀਗੜ੍ਹ ਵਿਖੇ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਯੂਨੀਅਨ ਦੇ ਨੁਮਾਇੰਦੇ 1,013 ਲੈਕਚਰਾਰਾਂ ਦੀ ਸਿੱਧੀ ਭਰਤੀ ਵਿੱਚ ਐੱਸਸੀ/ਬੀਸੀ ਵਰਗਾਂ ਦੇ ਬਣਦੇ ਕੋਟੇ ਸਮੇਤ ਹੋਰ ਮਸਲੇ ਵੀ ਰੱਖਣਗੇ। ਯੂਨੀਅਨ ਆਗੂਆਂ ਨੇ ਕਿਹਾ ਕਿ ਐੱਸਸੀ/ਬੀਸੀ ਵਰਗਾਂ ਦੇ ਸੰਵਿਧਾਨਕ ਤੇ ਕਾਨੂੰਨੀ ਹੱਕਾਂ ਨਾਲ ਸਬੰਧਤ ਮਾਮਲਿਆਂ ਨੂੰ ਸਿਰਫ਼ ਮੀਟਿੰਗਾਂ ਤੇ ਭਰੋਸਿਆਂ ਤੱਕ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ, ਸਗੋਂ ਇਨ੍ਹਾਂ ਸਬੰਧੀ ਸਪੱਸ਼ਟ, ਠੋਸ ਤੇ ਸਮਾਂਬੱਧ ਫੈਸਲੇ ਕੀਤੇ ਜਾਣੇ ਚਾਹੀਦੇ ਹਨ। ਕਪੂਰਥਲਾ ਇਕਾਈ ਦੇ ਆਗੂਆਂ ਨੇ ਕਿਹਾ ਕਿ ਯੂਨੀਅਨ 21 ਸਤੰਬਰ ਦੀ ਮੀਟਿੰਗ ਵਿੱਚ ਸਰਕਾਰ ਤੋਂ 1,013 ਲੈਕਚਰਾਰਾਂ ਦੀ ਭਰਤੀ ਵਿੱਚ ਐੱਸਸੀ/ਬੀਸੀ ਵਰਗਾਂ ਦੇ ਬਣਦੇ ਕੋਟੇ ਸਬੰਧੀ ਸਪੱਸ਼ਟ ਹੱਲ ਦੀ ਮੰਗ ਕਰੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਇਸ ਮੀਟਿੰਗ ਵਿੱਚ ਕੋਈ ਸਾਰਥਕ ਤੇ ਠੋਸ ਹੱਲ ਨਾ ਨਿਕਲਿਆ ਤਾਂ ਐੱਸਸੀ/ਬੀਸੀ ਅਧਿਆਪਕ ਯੂਨੀਅਨ ਵੱਲੋਂ ਆਪਣਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਤੇ ਸਰਕਾਰ ਦੀਆਂ ਨੀਤੀਆਂ ਦਾ ਲੋਕਤੰਤਰਿਕ ਢੰਗ ਨਾਲ ਵਿਰੋਧ ਕੀਤਾ ਜਾਵੇਗਾ। ਇਸ ਸਬੰਧੀ ਅਗਲੇ ਸੰਘਰਸ਼ ਦੀ ਰੂਪ-ਰੇਖਾ ਯੂਨੀਅਨ ਦੀ ਅਗਲੀ ਮੀਟਿੰਗ ਵਿੱਚ ਤੈਅ ਕੀਤੀ ਜਾਵੇਗੀ। ਯੂਨੀਅਨ ਆਗੂਆਂ ਨੇ ਕਿਹਾ ਕਿ ਹੁਣ ਸਿਰਫ਼ ਭਰੋਸੇ ਨਹੀਂ, ਸਗੋਂ ਐੱਸਸੀ/ਬੀਸੀ ਵਰਗਾਂ ਦੇ ਹੱਕਾਂ ਨਾਲ ਸਬੰਧਤ ਮਸਲਿਆਂ ਦਾ ਠੋਸ ਹੱਲ ਤੇ ਉਸ ਦੀ ਅਮਲੀ ਕਾਰਵਾਈ ਚਾਹੀਦੀ ਹੈ। ਇਸ ਸਮੇਂ ਯੂਨੀਅਨ ਪ੍ਰਧਾਨ ਨਰਿੰਦਰਜੀਤ ਸਿੰਘ ਗਿੱਲ, ਸਰਪ੍ਰਸਤ ਬਲਦੇਵ ਸਿੰਘ ਸਿੱਧੂ ਤੇ ਸੁਰਿੰਦਰ ਪਾਲ ਚੀਦਾ, ਜਨਰਲ ਸਕੱਤਰ ਸਟੇਟ ਕਮੇਟੀ ਮੈਂਬਰ ਸੰਦੀਪ ਕੁਮਾਰ ਜਨਰਲ ਸਕੱਤਰ ਕੁਸ਼ਲ ਕੁਮਾਰ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਤੇ ਹਰਨੇਕ ਸਿੰਘ, ਪ੍ਰੈੱਸ ਸਕੱਤਰ ਪਵਨ ਸੋਹਲ, ਵਿੱਤ ਸਕੱਤਰ ਜਸਵੀਰ ਚੰਦ ਤੇ ਕਰਮਜੀਤ ਗਿੱਲ, ਸਕੱਤਰ ਅਵਤਾਰ ਸਿੰਘ ਸਿੱਧੂ, ਕੁਲਦੀਪ ਸਿੰਘ, ਰਵਨੀਤ ਕੁਮਾਰ, ਪ੍ਰੇਮ ਸਿੰਘ ਰਤੜਾ, ਪਲਵਿੰਦਰ ਸਿੰਘ ਸੋਤਾ, ਹਰਜਿੰਦਰ ਸਿੰਘ ਹੈਰੀ, ਅਵਨੀਸ਼ ਕੁਮਾਰ, ਅਵਦੇਸ਼ ਕੁਮਾਰ, ਮਨੋਜ ਕੁਮਾਰ ਤੇ ਹੋਰ ਸੰਘਰਸ਼ੀ ਸਾਥੀ ਹਾਜ਼ਰ ਸਨ।