ਫਗਵਾੜਾ ’ਚ ਮੈਡੀਕਲ ਸਟੋਰਾਂ ਦੀ ਜਾਂਚ ਫਗਵਾੜਾ ਵਿੱਚ ਮੈਡੀਕਲ ਸਟੋਰਾਂ ਦੀ ਜਾਂਚ, ਸ਼ੱਕੀ ਕੈਪਸੂਲਾਂ ਸਮੇਤ ਪੰਜ ਕਿਸਮ ਦੀਆਂ ਦਵਾਈਆਂ ਜ਼ਬਤ
Publish Date: Sat, 24 Oct 2026 06:24 PM (IST)
Updated Date: Sat, 24 Oct 2026 06:25 PM (IST)
ਸ਼ੱਕੀ ਕੈਪਸੂਲਾਂ ਸਮੇਤ ਪੰਜ ਕਿਸਮ ਦੀਆਂ ਦਵਾਈਆਂ ਜ਼ਬਤ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਡਰੱਗਜ਼ ਕੰਟਰੋਲ ਵਿਭਾਗ ਦੀ ਟੀਮ ਵੱਲੋਂ ਫਗਵਾੜਾ ਦੇ ਵੱਖ-ਵੱਖ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਪਿੰਡ ਰਾਣੀਪੁਰ ਸਥਿਤ ਕੋਹਲੀ ਮੈਡੀਕਲ ਹਾਲ ਦੀ ਜਾਂਚ ਕਰਦਿਆਂ 280 ਬਿਨਾਂ ਲੇਬਲ ਵਾਲੇ ਸ਼ੱਕੀ ਕੈਪਸੂਲ ਜਾਂਚ ਤੇ ਵਿਸ਼ਲੇਸ਼ਣ ਲਈ ਕਬਜ਼ੇ ਵਿੱਚ ਲਏ ਗਏ। ਇਨ੍ਹਾਂ ਕੈਪਸੂਲਾਂ ਦੇ ਨਸ਼ੇ ਦੀ ਆਦਤ ਪਾਉਣ ਵਾਲੇ ਹੋਣ ਦਾ ਸ਼ੱਕ ਹੈ। ਇਨ੍ਹਾਂ ਨੂੰ ਜਾਂਚ ਲਈ ਡਰੱਗਜ਼ ਟੈਸਟਿੰਗ ਲੈਬਾਰਟਰੀ, ਪੰਜਾਬ ਵਿਖੇ ਭੇਜਿਆ ਗਿਆ ਹੈ। ਇਹ ਜਾਂਚ ਡਰੱਗਜ਼ ਕੰਟਰੋਲ ਅਧਿਕਾਰੀ ਅਨੁਪਮਾ ਕਾਲੀਆ, ਕਪੂਰਥਲਾ ਤੇ ਡਰੱਗਜ਼ ਕੰਟਰੋਲ ਅਧਿਕਾਰੀ ਪਰਮਿੰਦਰ ਸਿੰਘ, ਜਲੰਧਰ ਵੱਲੋਂ ਕੀਤੀ ਗਈ। ਜਾਂਚ ਦੌਰਾਨ ਵਿਕਰੀ ਤੇ ਖਰੀਦ ਦਾ ਰਿਕਾਰਡ ਪੇਸ਼ ਨਾ ਕਰਨ ਕਾਰਨ ਪੰਜ ਕਿਸਮ ਦੀਆਂ ਐਲੋਪੈਥਿਕ ਦਵਾਈਆਂ ਨੂੰ ਵੀ ਮੌਕੇ ’ਤੇ ਜ਼ਬਤ ਕੀਤਾ ਗਿਆ। ਇਸ ਤੋਂ ਇਲਾਵਾ ਜਾਂਚ ਵਿੱਚ ਪਾਇਆ ਗਿਆ ਕਿ ਦਵਾਈਆਂ ਦੀ ਵਿਕਰੀ ਰਜਿਸਟਰਡ ਫਾਰਮਾਸਿਸਟ ਦੀ ਗੈਰ-ਮੌਜੂਦਗੀ ਵਿੱਚ ਕੀਤੀ ਜਾ ਰਹੀ ਸੀ। ਵਿਭਾਗ ਵੱਲੋਂ ਇਸ ਸਬੰਧੀ ਰਿਪੋਰਟ ਅਗਲੀ ਕਾਰਵਾਈ ਲਈ ਲਾਇਸੈਂਸਿੰਗ ਅਥਾਰਟੀ ਨੂੰ ਭੇਜ ਦਿੱਤੀ ਗਈ ਹੈ। ਇਹ ਕਾਰਵਾਈ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਅਤੇ ਇਸ ਤਹਿਤ ਬਣੇ ਨਿਯਮਾਂ ਅਨੁਸਾਰ ਕੀਤੀ ਜਾਵੇਗੀ। ਇਸੇ ਤਰ੍ਹਾਂ ਫਗਵਾੜਾ ਸਥਿਤ ਸ਼ਰਮਾ ਮੈਡੀਕਲ ਸਟੋਰ ਦੀ ਵੀ ਜਾਂਚ ਕੀਤੀ ਗਈ, ਜਿੱਥੇ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੀ ਉਲੰਘਣਾ ਨਾਲ ਸਬੰਧਤ ਕੁਝ ਆਮ ਬੇਨਿਯਮੀਆਂ ਸਾਹਮਣੇ ਆਈਆਂ। ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੈਮਿਸਟ ਐਸੋਸੀਏਸ਼ਨ ਨਾਲ ਨਗਰ ਨਿਗਮ ਦੇ ਮੀਟਿੰਗ ਹਾਲ ’ਚ ਮੀਟਿੰਗ ਕਰਕੇ ਦਵਾਈਆਂ ਦੀ ਦੁਰਵਰਤੋਂ ਰੋਕਣ ਸਬੰਧੀ ਹਦਾਇਤਾਂ ਦਿਤੀਆਂ ਗਈਆਂ।