ਬੰਦ ਪਏ ਸੇਵਾ ਕੇਂਦਰ ’ਚ ਵਿਕ ਰਹੀਆਂ ਤਲਾਈਆਂ-ਰਜਾਈਆਂ ਬੰਦ ਪਏ ਸੇਵਾ ਕੇਂਦਰ ਵਿੱਚ ਵਿਕ ਰਹੀਆਂ ਤਲਾਈਆਂ ਤੇ ਰਜਾਈਆਂ
Publish Date: Thu, 01 Oct 2026 07:30 PM (IST)
Updated Date: Thu, 01 Oct 2026 07:30 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਲੋਕਾਂ ਨੂੰ ਸਰਕਾਰੀ ਸਹੂਲਤਾਂ ਇੱਕੋ ਥਾਂ ’ਤੇ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਬਣਾਏ ਗਏ ਸੇਵਾ ਕੇਂਦਰ ਜਿੱਥੇ ਕਦੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਕੇਂਦਰ ਹੁੰਦੇ ਸਨ, ਉੱਥੇ ਹੁਣ ਕਈ ਥਾਵਾਂ ’ਤੇ ਇਹ ਇਮਾਰਤਾਂ ਲਾਵਾਰਸ ਹਾਲਤ ਵਿੱਚ ਪਈਆਂ ਹਨ। ਇਨ੍ਹਾਂ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਇਮਾਰਤਾਂ ਹੌਲੀ-ਹੌਲੀ ਖੰਡਰ ਬਣਦੀਆਂ ਜਾ ਰਹੀਆਂ ਹਨ ਤੇ ਕਈ ਥਾਵਾਂ ’ਤੇ ਇਨ੍ਹਾਂ ਦੀ ਵਰਤੋਂ ਵੱਖ-ਵੱਖ ਕੰਮਾਂ ਲਈ ਕੀਤੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਪਿੰਡ ਰਾਣੀਪੁਰ ਕੰਬੋਆਂ ਵਿਖੇ ਸਾਹਮਣੇ ਆਇਆ ਹੈ, ਜਿੱਥੇ ਬੰਦ ਪਏ ਸੇਵਾ ਕੇਂਦਰ ਦੀ ਇਮਾਰਤ ਵਿੱਚ ਇੱਕ ਪ੍ਰਵਾਸੀ ਵਪਾਰੀ ਵੱਲੋਂ ਤਲਾਈਆਂ ਤੇ ਰਜਾਈਆਂ ਵੇਚੀਆਂ ਜਾ ਰਹੀਆਂ ਹਨ। ਸੇਵਾ ਕੇਂਦਰ ਦੀ ਇਮਾਰਤ, ਜੋ ਲੋਕਾਂ ਦੀਆਂ ਸਰਕਾਰੀ ਸਹੂਲਤਾਂ ਲਈ ਬਣਾਈ ਗਈ ਸੀ, ਹੁਣ ਵਪਾਰਕ ਕੰਮ ਲਈ ਵਰਤੀ ਜਾ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੰਦ ਪਏ ਸੇਵਾ ਕੇਂਦਰਾਂ ਦੀਆਂ ਇਮਾਰਤਾਂ ਦੀ ਸਮੇਂ ਸਿਰ ਸਾਂਭ-ਸੰਭਾਲ ਨਾ ਹੋਣ ਕਾਰਨ ਇਹ ਇਮਾਰਤਾਂ ਆਪਣੀ ਹਾਲਤ ਗੁਆ ਰਹੀਆਂ ਹਨ। ਕਈ ਥਾਵਾਂ ’ਤੇ ਇਨ੍ਹਾਂ ਦੇ ਆਲੇ-ਦੁਆਲੇ ਗੰਦਗੀ ਤੇ ਘਾਹ-ਫੂਸ ਵਧ ਗਿਆ ਹੈ, ਜਦਕਿ ਕੁਝ ਥਾਵਾਂ ’ਤੇ ਲੋਕਾਂ ਵੱਲੋਂ ਇਨ੍ਹਾਂ ਦੀ ਵਰਤੋਂ ਆਪਣੇ ਨਿੱਜੀ ਕੰਮਾਂ ਲਈ ਕੀਤੀ ਜਾ ਰਹੀ ਹੈ। ਲੋਕਾਂ ਨੇ ਸਬੰਧਤ ਵਿਭਾਗ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੰਦ ਪਏ ਸੇਵਾ ਕੇਂਦਰਾਂ ਦੀਆਂ ਇਮਾਰਤਾਂ ਦੀ ਜਾਂਚ ਕਰਵਾਈ ਜਾਵੇ ਤੇ ਜੇਕਰ ਇਨ੍ਹਾਂ ਦੀ ਹੁਣ ਸਰਕਾਰੀ ਕੰਮ ਲਈ ਲੋੜ ਨਹੀਂ ਹੈ ਤਾਂ ਇਨ੍ਹਾਂ ਦੀ ਕੋਈ ਯੋਗ ਵਰਤੋਂ ਤੈਅ ਕੀਤੀ ਜਾਵੇ। ਨਾਲ ਹੀ ਜੇਕਰ ਕਿਸੇ ਵੱਲੋਂ ਸਰਕਾਰੀ ਇਮਾਰਤ ’ਤੇ ਕਬਜ਼ਾ ਜਾਂ ਬਿਨਾਂ ਮਨਜ਼ੂਰੀ ਵਪਾਰਕ ਵਰਤੋਂ ਕੀਤੀ ਜਾ ਰਹੀ ਹੈ ਤਾਂ ਉਸ ਸਬੰਧੀ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਪੈਸੇ ਨਾਲ ਤਿਆਰ ਕੀਤੀਆਂ ਇਮਾਰਤਾਂ ਨੂੰ ਲਾਵਾਰਸ ਛੱਡਣ ਦੀ ਬਜਾਏ ਇਨ੍ਹਾਂ ਦੀ ਸਹੀ ਸੰਭਾਲ ਕੀਤੀ ਜਾਵੇ, ਤਾਂ ਜੋ ਸਰਕਾਰੀ ਜਾਇਦਾਦ ਦੀ ਦੁਰਵਰਤੋਂ ਰੋਕੀ ਜਾ ਸਕੇ ਤਾਂ ਜੋ ਇਹ ਲੋਕਾਂ ਦੇ ਕੰਮ ਆ ਸਕੇ।