ਦਿਨੋਂ-ਦਿਨ ਵਧ ਰਹੀ ਮਹਿੰਗਾਈ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਦਿਨੋਂ-ਦਿਨ ਵਧ ਰਹੀ ਮਹਿੰਗਾਈ ਖ਼ਿਲਾਫ਼ ਦੁਸਾਂਝ ਕਲਾਂ ਅੱਡੇ ਵਿੱਚ ਭਾਰੀ ਰੋਸ ਪ੍ਰਦਰਸ਼ਨ
Publish Date: Thu, 27 Aug 2026 09:59 PM (IST)
Updated Date: Thu, 27 Aug 2026 10:01 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਦਿਹਾਤੀ ਮਜ਼ਦੂਰ ਸਭਾ ਦੇ ਯੂਨਿਟ ਦੁਸਾਂਝ ਕਲਾਂ ਤੇ ਬਹੁਜਨ ਸਮਾਜ ਪਾਰਟੀ ਦੇ ਯੂਨਿਟ ਦੁਸਾਂਝ ਕਲਾਂ ਵੱਲੋਂ ਸਾਂਝੇ ਤੌਰ ’ਤੇ ਦੁਸਾਂਝ ਕਲਾਂ ਦੇ ਅੱਡੇ ’ਤੇ ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਦੇ ਖਿਲਾਫ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਹਰਮੇਸ਼ ਲਾਲ ਵਿਰਦੀ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਖੰਡ ਦੀ ਕਾਲਾਬਜ਼ਾਰੀ ਤੇ ਲੱਕ ਤੋੜ ਮਹਿੰਗਾਈ ਲਈ ਜ਼ਿੰਮੇਵਾਰ ਠਹਿਰਾਇਆ ਹੈ। ਦੀਪਕ ਰਾਏ ਨੇ ਦੋਸ਼ ਲਾਇਆ ਕਿ ਜਦੋਂ ਕੁੱਝ ਚੋਣਵੇਂ ਕਾਰਪੋਰੇਟ ਘਰਾਣਿਆਂ ਤੇ ਰਾਜਸੀ ਲੀਡਰਾਂ ਦੇ ਖੰਡ ਮਿੱਲਾਂ ਉੱਤੇ ਕਬਜ਼ੇ ਕਰਵਾ ਦਿੱਤੇ ਗਏ ਹਨ ਤੇ ਉਹ ਹੀ ਨੀਤੀਆਂ ਘੜਨ ਲੱਗ ਗਏ ਹਨ ਤਾਂ ਚੀਨੀ ਦੀ ਮਿਠਾਸ ਵੀ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਕਰ ਦਿੱਤੀ ਗਈ ਹੈ। ਰਾਮ ਨਾਥ ਸਾਬਕਾ ਪੰਚ ਨੇ ਮੋਦੀ ਸਰਕਾਰ ਉੱਤੇ ਇਹ ਦੋਸ਼ ਲਾਇਆ ਕਿ ਹੁਣ ਸਾਡਾ ਦੇਸ਼ ਖੰਡ ਬਾਹਰਲੇ ਦੇਸ਼ਾਂ ਤੋਂ ਦਰਾਮਦ ਕਰਨ ਲਾ ਦਿੱਤਾ ਹੈ ਤਾਂ ਜੋ ਖੰਡ ਦੀਆਂ ਕੀਮਤਾਂ ਦੇ ਵਾਧੇ ਨੂੰ ਜਾਇਜ਼ ਬਣਾਇਆ ਜਾ ਸਕੇ। ਬਲਵੀਰ ਸਿੰਘ ਬਿੰਦਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਦੇਸ਼ ਦੇ ਗੰਨਾਂ ਉਤਪਾਦਕ ਕਿਸਾਨਾ ਨੂੰ ਗੰਨੇ ਦੀ ਵਾਜ਼ਬ ਕੀਮਤ ਦਿੱਤੀ ਨਹੀਂ ਜਾਂਦੀ ਤੇ ਸਾਲਾਂ ਬੱਧੀ ਅਦਾਇਗੀਆਂ ਨਾ ਕਰਨ ਕਰਕੇ ਗੰਨੇ ਦੀ ਪੈਦਾਵਾਰ ਨੂੰ ਨਿਰਉਤਸ਼ਾਹਿਤ ਕੀਤਾ ਜਾ ਰਿਹਾ ਹੈ। ਗੰਨੇ ਤੋਂ ਪੈਦਾ ਹੋਣ ਵਾਲੇ ਪਦਾਰਥ ਜਿਵੇਂ ਸੀਰਾ ਜਾਂ ਈਥਾਨੋਲ ਦੀ ਮੰਗ ਵੱਧ ਰਹੀ ਹੈ ਪਰ ਗੰਨਾ ਉਤਪਾਦਕ ਕਿਸਾਨਾਂ ਨੂੰ ਇਸ ਦਾ ਲਾਭ ਟਰਾਂਸਫਰ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਸਬਸਿਡੀ ਪਾ ਕੇ ਆਮ ਲੋਕਾਂ ਨੂੰ ਸਸਤੀ ਖੰਡ ਸਪਲਾਈ ਕਰੇ ਤੇ ਵੱਧ ਰਹੀ ਮਹਿੰਗਾਈ ਨੂੰ ਠੱਲ੍ਹ ਪਾਵੇ। ਇਸ ਮੌਕੇ ਸੰਤੋਖ ਲਾਲ ਵਿਰਦੀ, ਕੁਲਵਿੰਦਰ ਕਿੰਦਾ, ਮਲਕੀਅਤ ਚੰਦ, ਬਿੰਦਰ ਚੰਦੜ੍ਹ, ਬਾਵਾ ਦੁਸਾਂਝ, ਪ੍ਰਵੀਨ ਕੁਮਾਰ, ਵਿਨੋਦ ਦੁਸਾਂਝ, ਸੋਨੂੰ ਦੁਸਾਂਝ, ਅਸ਼ੋਕ ਕੁਮਾਰ, ਰਾਜ ਕੁਮਾਰ ਆਦਿ ਹਾਜ਼ਰ ਸਨ।