ਦੀਵਾਲੀ ਦੀ ਰਾਤ ਕਬਾੜ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ ਦੀਵਾਲੀ ਦੀ ਰਾਤ ਕਬਾੜ ਦੇ ਗੋਦਾਮ ਚ ਲੱਗੀ ਭਿਆਨਕ ਅੱਗ
Publish Date: Mon, 09 Nov 2026 08:41 PM (IST)
Updated Date: Mon, 09 Nov 2026 08:44 PM (IST)
ਕਰੀਬ 25 ਫਾਇਰ ਬ੍ਰਿਗੇਡ ਗੱਡੀਆਂ ਨੇ ਸੰਭਾਲਿਆ ਮੋਰਚਾ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦੀਵਾਲੀ ਦੀ ਰਾਤ ਪੀਰ ਬਾਬਾ ਸਖ਼ੀ ਸ਼ਾਹ ਸੁਲਤਾਨ ਰੋਡ ’ਤੇ ਸਥਿਤ ਕਬਾੜ ਦੇ ਇੱਕ ਗੋਦਾਮ ਵਿੱਚ ਲੱਗੀ ਭਿਆਨਕ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਇੰਨੀ ਭਿਆਨਕ ਸੀ ਕਿ ਗੋਦਾਮ ਤੋਂ ਫੈਲਦਿਆਂ ਇਸ ਨੇ ਨਾਲ ਲੱਗਦੀਆਂ ਤਿੰਨ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਇਸ ਅਗਨੀਕਾਂਡ ਵਿੱਚ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੋਦਾਮ ਤੇ ਦੁਕਾਨਾਂ ਹਰਚਰਨ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਮੁਹੱਲਾ, ਸ਼ਾਹ ਸੁਲਤਾਨ ਸੁਲਤਾਨਪੁਰ ਲੋਧੀ ਦੀਆਂ ਹਨ। ਹਰਚਰਨ ਸਿੰਘ ਵੱਲੋਂ ਕਬਾੜ ਇਕੱਠਾ ਕਰਕੇ ਰੱਖਣ ਲਈ ਵੱਖਰਾ ਗੋਦਾਮ ਬਣਾਇਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਰਾਤ ਕਰੀਬ 9:30 ਵਜੇ ਸਭ ਤੋਂ ਪਹਿਲਾਂ ਕਬਾੜ ਦੇ ਇਸ ਗੋਦਾਮ ਵਿੱਚ ਅੱਗ ਲੱਗੀ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਕਿਸੇ ਪਟਾਕੇ ਦਾ ਗੋਦਾਮ ਵਿੱਚ ਡਿੱਗਣਾ ਦੱਸਿਆ ਜਾ ਰਿਹਾ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ। ਗੋਦਾਮ ਵਿੱਚ ਕਬਾੜ ਦੇ ਵੱਡੀ ਮਾਤਰਾ ਵਿੱਚ ਪਏ ਸਾਮਾਨ ਕਾਰਨ ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀਆਂ ਲਪਟਾਂ ਇੰਨੀਆਂ ਉੱਚੀਆਂ ਉੱਠ ਰਹੀਆਂ ਸਨ ਕਿ ਇਸ ਨੂੰ ਕਾਬੂ ਕਰਨਾ ਫਾਇਰ ਬ੍ਰਿਗੇਡ ਦੀਆਂ ਟੀਮਾਂ ਲਈ ਵੱਡੀ ਚੁਣੌਤੀ ਬਣ ਗਿਆ। ਗੋਦਾਮ ਤੋਂ ਫੈਲੀ ਅੱਗ ਨੇ ਹਰਚਰਨ ਸਿੰਘ ਦੀਆਂ ਤਿੰਨ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਦੁਕਾਨਾਂ ਅੰਦਰ ਪਿਆ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਅੱਗ ਦੀ ਗੰਭੀਰਤਾ ਨੂੰ ਦੇਖਦਿਆਂ ਸੁਲਤਾਨਪੁਰ ਲੋਧੀ ਤੋਂ ਇਲਾਵਾ ਕਪੂਰਥਲਾ, ਕਰਤਾਰਪੁਰ, ਸ਼ਾਹਕੋਟ ਤੇ ਭੁਲੱਥ ਸਮੇਤ ਵੱਖ-ਵੱਖ ਇਲਾਕਿਆਂ ਤੋਂ ਕਰੀਬ 25 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਕਰਮਚਾਰੀਆਂ ਵੱਲੋਂ ਐਤਵਾਰ ਰਾਤ ਤੋਂ ਹੀ ਅੱਗ ਬੁਝਾਉਣ ਲਈ ਲਗਾਤਾਰ ਜੱਦੋ-ਜਹਿਦ ਕੀਤੀ ਜਾ ਰਹੀ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਅੱਗ ਲੱਗਣ ਤੋਂ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਇਸ ’ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਸੋਮਵਾਰ 9 ਨਵੰਬਰ ਦੀ ਸ਼ਾਮ ਕਰੀਬ 5 ਵਜੇ ਤੱਕ ਵੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਬੁਝਾਉਣ ਵਿੱਚ ਜੁਟੀਆਂ ਹੋਈਆਂ ਸਨ। ਦੀਵਾਲੀ ਦੀ ਰਾਤ ਵਾਪਰੇ ਇਸ ਭਿਆਨਕ ਅਗਨੀਕਾਂਡ ਨੇ ਪੀੜਤ ਦੁਕਾਨਦਾਰ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚਾਇਆ ਹੈ। ਗੋਦਾਮ ਤੇ ਤਿੰਨ ਦੁਕਾਨਾਂ ਵਿੱਚ ਪਏ ਲੱਖਾਂ ਰੁਪਏ ਦੇ ਸਾਮਾਨ ਦੇ ਸੜ ਜਾਣ ਕਾਰਨ ਪਰਿਵਾਰ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਤੇ ਕੁੱਲ ਨੁਕਸਾਨ ਸਬੰਧੀ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।