ਲਾਅ ਗੇਟ ਮਹੇੜੂ ਨੇੜੇ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਲਾਅ ਗੇਟ ਮਹੇੜੂ ਵਿਖੇ ਗੈਸ ਸੈਲੰਡਰ ਲੀਕੇਜ ਕਾਰਨ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
Publish Date: Sun, 07 Jun 2026 10:12 PM (IST)
Updated Date: Sun, 07 Jun 2026 10:14 PM (IST)
ਰੈਸਟੋਰੈਂਟ ’ਚੋਂ ਲੀਕ ਹੋਈ ਗੈਸ ਕਾਰਨ ਲੱਗੀ ਅੱਗ, ਟੂ ਬਰਦਰ ਆਟੋ ਹੱਬ ’ਚ ਖੜ੍ਹੇ ਵਾਹਨ ਸੜ ਕੇ ਹੋਏ ਸੁਆਹ
ਫਗਵਾੜਾ : ਫਗਵਾੜਾ ਦੇ ਮਸ਼ਹੂਰ ਲਾਅ ਗੇਟ ਵਿਖੇ ਦੇਰ ਰਾਤ ਉਸ ਸਮੇਂ ਭਗਦੜ ਮਚ ਗਈ ਜਦੋਂ ਇਕ ਰੈਸਟੋਰੈਂਟ ਵਿਚ ਗੈਸ ਲੀਕ ਕਾਰਨ ਲੱਗੀ ਅੱਗ ਫੈਲਦੀ-ਫੈਲਦੀ ਨਾਲ ਦੀ ਦੁਕਾਨ ਤੱਕ ਪਹੁੰਚ ਗਈ। ਦੁਕਾਨ ਮਾਲਕ ਰਾਹੁਲ ਅਨੁਸਾਰ ਸਾਰੀ ਗਲਤੀ ਰੈਸਟੋਰੈਂਟ ਵਾਲੇ ਦੀ ਹੈ, ਜਿਸ ਕਾਰਨ ਉਸ ਦੀ ਦੁਕਾਨ ਟੂ ਬਰਦਰ ਆਟੋ ਹੱਬ ਵਿਚ ਭਿਆਨਕ ਅੱਗ ਲੱਗਣ ਨਾਲ ਅੰਦਰ ਖੜ੍ਹੇ ਲਗਭਗ 20 ਤੋਂ 25 ਮੋਟਰਸਾਈਕਲ ਸੜ ਕੇ ਸੁਆਹ ਹੋ ਗਏ ਤੇ ਹੋਰ ਕੀਮਤੀ ਸਮਾਨ ਸੜ ਗਿਆ, ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪੁੱਜੀਆਂ ਤੇ ਘੰਟਿਆਂਬੱਧੀ ਅੱਗ ’ਤੇ ਕਾਬੂ ਪਾਇਆ ਗਿਆ। ਰਾਹੁਲ ਨੇ ਦੱਸਿਆ ਕਿ ਸਾਰੀ ਗਲਤੀ ਨਾਲ ਦੇ ਐੱਸਐੱਸਪੀ ਰੈਸਟੋਰੈਂਟ ਵਾਲੇ ਦੀ ਹੈ, ਜੋ ਵੱਡੇ ਗੈਸ ਸੈਲੰਡਰਾਂ ’ਚੋਂ ਛੋਟੇ ਗੈਸ ਸਿਲੰਡਰ ਵੀ ਭਰ-ਭਰ ਕੇ ਵੇਚਦਾ ਹੈ, ਉਸ ਦੀ ਅਣਗਹਿਲੀ ਦੇ ਕਾਰਨ ਇਹ ਹਾਦਸਾ ਵਾਪਰਿਆ। ਰਾਹੁਲ ਨੇ ਦੱਸਿਆ ਕਿ ਐਤਵਾਰ ਛੁੱਟੀ ਕਰਕੇ ਅੱਜ ਮੇਰੀ ਦੁਕਾਨ ਬੰਦ ਸੀ ਪਰ ਅਚਾਨਕ ਹੀ ਮੈਨੂੰ ਇਕ ਫੋਨ ਆਇਆ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗ ਗਈ ਹੈ। ਮੈਂ ਜਾ ਕੇ ਦੇਖਿਆ ਤਾਂ ਸਭ ਕੁਝ ਤਬਾਹ ਹੋ ਚੁੱਕਾ ਸੀ। ਫਗਵਾੜਾ ਦੀ ਚਹੇੜੂ ਪੁਲਿਸ ਮੌਕੇ ’ਤੇ ਪੁੱਜੀ ਤੇ ਖਬਰ ਲਿਖੇ ਜਾਣ ਤੱਕ ਪੁਲਿਸ ਜਾਂਚ ਜਾਰੀ ਸੀ ਤੇ ਘਟਨਾ ਦੇ ਅਸਲੀ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਸੀ। ਉੱਧਰ ਜਦੋਂ ਰੈਸਟੋਰੈਂਟ ਵਾਲੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕੋਈ ਠੋਸ ਜਵਾਬ ਨਹੀਂ ਦਿੱਤਾ।
ਪ੍ਰਸ਼ਾਸ਼ਨ ਦੀ ਨਾਕਾਮੀ ਜਾਂ ਲੋਕਾਂ ਦੀ ਲਾਪ੍ਰਵਾਹੀ
ਜ਼ਿਕਰਯੋਗ ਹੈ ਕਿ ਲਾਅ ਗੇਟ ਇਲਾਕੇ ਵਿਚ ਕਮਰਸ਼ੀਅਲ ਗੈਸ ਸਿਲੰਡਰਾਂ ਨਾਲ ਘਰੇਲੂ ਗੈਸ ਸਿਲੰਡਰ ਵੀ ਹੋਟਲ-ਢਾਬਿਆਂ ’ਤੇ ਧੜੱਲੇ ਨਾਲ ਵਰਤੇ ਜਾ ਰਹੇ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਸਰਕਾਰੀ ਨਿਯਮਾਂ ਮੁਤਾਬਿਕ ਕੋਈ ਵੀ ਦੁਕਾਨਦਾਰ ਗੈਸ ਸਿਲੰਡਰ ਨਾਲ ਪਾਇਪ ਲਗਾਕੇ ਦੂਜਾ ਸਿਲੰਡਰ ਨਹੀਂ ਭਰ ਸਕਦਾ, ਫਿਰ ਲਾਅ ਗੇਟ ’ਤੇ ਇਹ ਕਾਰੋਬਾਰ ਕਿਵੇਂ ਵਧਦਾ ਜਾ ਰਿਹਾ ਹੈ। ਇਹ ਸਰਾਸਰ ਪ੍ਰਸ਼ਾਸਨ ਦੀ ਨਕਾਮੀ ਹੈ ਤੇ ਕਿਸੇ ਵੇਲੇ ਵੀ ਇਸ ਤੋਂ ਵੱਡਾ ਹਾਦਸਾ ਵਾਪਰ ਸਕਦਾ ਹੈ, ਜਿਸ ਲਈ ਪ੍ਰਸ਼ਾਸਨ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ।