ਡਾ. ਬੀਆਰ ਅੰਬੇਡਕਰ ਆਰਮੀ ਪੰਜਾਬ ਦਾ ਵਿਸ਼ਾਲ ਚੇਤਨਾ ਮਾਰਚ ਡਾ. ਬੀ.ਆਰ. ਅੰਬੇਡਕਰ ਆਰਮੀ ਪੰਜਾਬ ਦਾ ਵਿਸ਼ਾਲ ਚੇਤਨਾ ਮਾਰਚ
Publish Date: Sat, 29 Aug 2026 09:32 PM (IST)
Updated Date: Sat, 29 Aug 2026 09:34 PM (IST)
--ਕੁਲਵੰਤ ਢੰਡੋਵਾਲ ਨੇ ਨੌਜਵਾਨਾਂ ਨੂੰ ਸਿੱਖਿਆ ਤੇ ਖੇਡਾਂ ਨਾਲ ਜੁੜਨ ਦਾ ਦਿੱਤਾ ਸੱਦਾ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਦੀ ਆਵਾਜ਼ ਬੁਲੰਦ ਕਰਦਿਆਂ ਡਾ. ਬੀਆਰ ਅੰਬੇਡਕਰ ਆਰਮੀ ਪੰਜਾਬ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਵਿਸ਼ਾਲ ਚੇਤਨਾ ਮਾਰਚ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਤੇ ਇਲਾਕਾ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸਿੱਖਿਆ, ਬਰਾਬਰੀ ਤੇ ਸਮਾਜਿਕ ਨਿਆਂ ਦਾ ਸੰਦੇਸ਼ ਜ਼ੋਰਦਾਰ ਢੰਗ ਨਾਲ ਉਭਰਿਆ। ਚੇਤਨਾ ਮਾਰਚ ਦਾਣਾ ਮੰਡੀ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋ ਕੇ ਤਲਵੰਡੀ ਚੌਧਰੀਆਂ, ਨੂਰੋਵਾਲ ਅਤੇ ਮੰਗੂਪੁਰ ਤੋਂ ਹੁੰਦਾ ਹੋਇਆ ਉੱਚਾ ਵਿਖੇ ਪਹੁੰਚਿਆ। ਮਾਰਚ ਰਾਹੀਂ ਲੋਕਾਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਤੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਵੱਲ ਲਿਜਾਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਡਾ. ਬੀਆਰ ਅੰਬੇਡਕਰ ਆਰਮੀ ਪੰਜਾਬ ਦੇ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਢੰਡੋਵਾਲ ਨੇ ਨੌਜਵਾਨਾਂ ਨੂੰ ਸਿੱਖਿਆ ਹਾਸਲ ਕਰਨ ਤੇ ਖੇਡਾਂ ਨਾਲ ਵੱਧ ਤੋਂ ਵੱਧ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਕਿਸੇ ਵੀ ਸਮਾਜ ਦੀ ਸਭ ਤੋਂ ਵੱਡੀ ਤਾਕਤ ਹਨ। ਕਿਤਾਬ ਤੇ ਖੇਡ ਦਾ ਮੈਦਾਨ ਨੌਜਵਾਨਾਂ ਨੂੰ ਉਸਾਰੂ ਸੋਚ ਤੇ ਮਜ਼ਬੂਤ ਭਵਿੱਖ ਵੱਲ ਲਿਜਾਣ ਦਾ ਸਾਧਨ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਫੈਲੀਆਂ ਬੁਰਾਈਆਂ ਵਿਰੁੱਧ ਹੁਣ ਚੁੱਪ ਰਹਿਣ ਦੀ ਬਜਾਏ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਉਨ੍ਹਾਂ ਸਮਾਜ ਦੇ ਹਰ ਵਰਗ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਸਾਂਝੀ ਲੜਾਈ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਚੇਤਨਾ ਮਾਰਚ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨ ਮੋਟਰਸਾਈਕਲ ਤੇ ਗੱਡੀਆਂ ਲੈ ਕੇ ਸ਼ਾਮਲ ਹੋਏ। ਪ੍ਰਬੰਧਕਾਂ ਵੱਲੋਂ ਡਾ. ਬੀਆਰ ਅੰਬੇਡਕਰ ਦੇ ਵਿਚਾਰਾਂ ਤੋਂ ਪ੍ਰੇਰਣਾ ਲੈਂਦਿਆਂ ਸਿੱਖਿਆ, ਸਮਾਨਤਾ, ਭਾਈਚਾਰੇ ਤੇ ਸਮਾਜਿਕ ਨਿਆਂ ਦੀ ਲਹਿਰ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਜੱਬੋਵਾਲ ਮੀਤ ਪ੍ਰਧਾਨ ਪੰਜਾਬ, ਰਾਹੁਲ ਨਾਹਰ ਸੀਨੀਅਰ ਆਗੂ ਪੰਜਾਬ, ਲਕਸ਼ਮੀ ਕਾਂਤ ਸੋਨੂੰ ਮੁੱਖ ਸਲਾਹਕਾਰ ਪੰਜਾਬ, ਡਾ. ਰਵੀਪਾਲ ਦੀਪੇਵਾਲ ਸੀਨੀਅਰ ਆਗੂ ਪੰਜਾਬ; ਸੰਗਤ ਸਿੰਘ ਰੰਧਾਵਾ ਵਾਈਸ ਪ੍ਰਧਾਨ ਦੋਆਬਾ ਜ਼ੋਨ, ਸੁੱਖਾ ਪੰਮਣ (ਸਰਪੰਚ) ਯੂਥ ਵਿੰਗ ਦੇ ਸੂਬਾ ਪ੍ਰਧਾਨ ਪੰਜਾਬ,ਯੂਥ ਆਗੂ ਮਨਪ੍ਰੀਤ ਮਾਪੀ, ਸਰਪੰਚ ਕਸ਼ਮੀਰ ਸਿੰਘ ਭੱਟੀ, ਸਾਬਕਾ ਸਰਪੰਚ ਸੋਨੂੰ ਪੰਮਣ, ਪੰਡਿਤ ਵਿਜੇ ਕੁਮਾਰ, ਸਾਬਕਾ ਸਰਪੰਚ ਦੇਵਾ ਸਿੰਘ, ਪਵਨ ਮੀਆਂਵਾਲਾ, ਡਾ. ਸੁਖਵਿੰਦਰ ਸਿੰਘ ਤੇ ਅਮਰਜੀਤ ਸਿੰਘ ਬਾਗੂ ਸਮੇਤ ਹੋਰ ਆਗੂਆਂ ਵੱਲੋਂ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਢੰਡੋਵਾਲ, ਏਐੱਸਪੀ ਧੀਰੇਂਦਰ ਵਰਮਾ ਤੇ ਥਾਣਾ ਮੁਖੀ ਦਵਿੰਦਰ ਪਾਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।